ਸੁਰਜੀਤ ਜੱਸਲ 6-03-2020 – 13 ਮਾਰਚ ਨੂੰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਅਤੇ ਅਦਿੱਤੀ ਸ਼ਰਮਾ ਦੀ ਰੁਮਾਂਟਿਕ ਤੇ ਪਰਿਵਾਰਕ ਫ਼ਿਲਮ ‘ਇੱਕੋ ਮਿੱਕੇ’ ਦੇ ਗੀਤ ਅਤੇ ਟਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ ਹੁਣ ਇੱਕ ਹੋਰ ਨਵਾਂ ਗੀਤ ‘ਚੰਡੀਗੜ੍ਹ’ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ ਜੋ ਫ਼ਿਲਮ ਦੀ ਨਾਇਕਾ ਅਦਿੱਤੀ ਸ਼ਰਮਾ ਅਤੇ ਨਾਇਕ ਸਤਿੰਦਰ ਸਰਤਾਜ ‘ਤੇ ਲਾਈਵ ਫ਼ਿਲਮਾਇਆ ਗਿਆ ਹੈ। ਪੰਜਾਬੀ ਭੰਗੜਾ ਬੋਲੀਆਂ ਤੇ ਟੱਪਿਆਂ ਦੇ ਅੰਦਾਜ ਵਿੱਚ ਇਹ ਗੀਤ ਖੂਬਸੁਰਤ ਸ਼ਬਦਾਵਲੀ ‘ਚ ਮਾਡਰਨ ਗਾਇਕੀ ਦੀ ਰੰਗਤ ਪੇਸ਼ ਕਰਦਾ ਹੈ। ਇਸ ਗੀਤ ਰਾਹੀਂ ਸਤਿੰਦਰ ਸਰਤਾਜ ਦੇ ਚਰਚਿਤ ਗੀਤਾਂ ਦੀਆਂ ਤਰਜ਼ਾਂ ਤੇ ਸੰਗੀਤਕ ਧੁਨਾਂ ਵੀ ਸਰੋਤਿਆਂ ਨੂੰ ਮੰਤਰ ਮੁਗਧ ਕਰਦੀਆਂ ਹਨ। ਇਸ ਲਾਈਵ ਗੀਤ ਦੇ ਫ਼ਿਲਮਾਕਣ ‘ਚ ਸਤਿੰਦਰ ਸਰਤਾਜ, ਅਦਿੱਤੀ ਸ਼ਰਮਾ ਅਤੇ ਸਰਦਾਰ ਸੋਹੀ ਸਹਿਯੋਗੀ ਕਲਾਕਾਰਾਂ ਨਾਲ ਨਜ਼ਰ ਆਉਂਦੇ ਹਨ। ਇਸ ਗੀਤ ਨੂੰ ਖੁਦ ਸਰਤਾਜ ਨੇ ਲਿਖਿਆ ਅਤੇ ਕੰਪੋਜ ਕਰਕੇ ਗਾਇਆ ਹੈ। ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਸਾਗਾ ਮਿਊਜਿਕ ਵਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ‘ਇੱਕੋ ਮਿੱਕੇ’ ਪੰਜਾਬੀ ਗਾਇਕੀ ਤੋਂ ਪੰਜਾਬੀ ਸਿਨੇਮੇ ਵੱਲ ਵਧ ਰਹੇ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਉਸਦੀ ਗਾਇਕੀ ਵਾਂਗ ਮਿਆਰੀ ਅਤੇ ਸਮਾਜਿਕ ਦਾਇਰੇ ਨਾਲ ਜੁੜੀ ਹੋਵੇਗੀ। ਵਿਆਹ ਕਲਚਰ ਅਤੇ ਕਾਮੇਡੀ ਵਿਸ਼ੇ ਤੋਂ ਹਟਵੇ ਵਿਸ਼ੇ ਦੀ ਇਹ ਫ਼ਿਲਮ ਪੰਜਾਬੀ ਸਿਨੇਮਾ ਇਤਿਹਾਸ ਦੀ ਇਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ ਜੋ ਪਰਿਵਾਰਾਂ ਸਮੇਤ ਵੇਖਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ ਅਤੇ ਅਦਿੱਤੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ ਇਸ ਤੋਂ ਇਲਾਵਾ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ, ਨੂਰ ਚਹਿਲ ਤੇ ਮਨਿੰਦਰ ਵੈਲੀ ਨੇ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਹੈ। ਫਿਰਦੋਜ਼ ਪ੍ਰੋਡਕਸ਼ਨ,ਸਰਤਾਜ ਫ਼ਿਲਮਜ਼, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਬਣੀ ਇਹ ਫ਼ਿਲਮ 13 ਮਾਰਚ ਨੂੰ ਦੇਸ਼ ਵਿਦੇਸਾਂ ਵਿੱਚ ਰਿਲੀਜ਼ ਹੋਵੇਗੀ।