ਚੰਡੀਗੜ੍ਹ 20 ਫਰਵਰੀ 2020.(ਜਸਦੀਪ ਸਿੰਘ ਰਤਨ) ਗੋਲਡਨ ਬ੍ਰਿਜ ਫਿਲਮਸ & ਏੰਟਰਟੇਨਮੇੰਟ ਪ੍ਰਾ ਲਿ. ਆਪਣੀ ਆਉਣ ਵਾਲੀ ਪੰਜਾਬੀ ਫਿਲਮ ਇਕ ਸੰਧੂ ਹੁੰਦਾ ਸੀ ਨੂੰ 28 ਫਰਵਰੀ 2020 ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਦੇ ਨਾਲ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ, ਵਿਕਰਮਜੀਤ ਸਿੰਘ ਵਿਰਕ ਅਹਿਮ ਕਿਰਦਾਰ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ-ਰੋਮਾਂਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਸ਼ਾਮ ਕੌਸ਼ਲ ਨੇ ਫਿਲਮ ਦੇ ਐਕਸ਼ਨ ਸੀਨਜ਼ ਨੂੰ ਡਾਇਰੈਕਟ ਕੀਤਾ ਹੈ। ਸਾਰਾ ਪ੍ਰੋਜੈਕਟ ਬੱਲੀ ਸਿੰਘ ਕੱਕੜ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਨਿਮਰ ਸੰਗੀਤ ਦੇ ਤਹਿਤ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ, “ਇਕ ਸੰਧੂ ਹੁੰਦਾ ਸੀ ਸਿਰਫ ਇਕ ਐਕਸ਼ਨ ਫਿਲਮ ਨਹੀਂ ਇਹ ਰੋਮਾਂਸ, ਦੋਸਤੀ ਅਤੇ ਭਾਵਨਾਵਾਂ ਦਾ ਇੱਕ ਪੂਰਾ ਪੈਕੇਜ ਹੈ। ਹੁਣ ਤੱਕ, ਗਾਣਿਆਂ ਅਤੇ ਟ੍ਰੇਲਰ ਨੂੰ ਪ੍ਰਾਪਤ ਹੋਈਆਂ ਪ੍ਰਤੀਕਿਰਿਆ ਸਾਡੀਆਂ ਉਮੀਦਾਂ ਤੋਂ ਪਰੇ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਫਿਲਮ ਨਾਲ ਵੀ ਜਾਰੀ ਰਹੇਗਾ।” ਫਿਲਮ ਦੀ ਪ੍ਰਮੁੱਖ ਅਦਾਕਾਰਾ ਨੇਹਾ ਸ਼ਰਮਾ ਨੇ ਕਿਹਾ, “ਇਹ ਮੇਰੀ ਪਹਿਲੀ ਪੰਜਾਬੀ ਫਿਲਮ ਹੈ, ਮੈਂ ਆਪਣੀ ਨਵੀਂ ਪਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਮੈਂ ਬੱਸ ਆਸ ਕਰਦੀ ਹਾਂ ਕਿ ਲੋਕ ਮੈਂਨੂੰ ਇਸ ਨਵੇਂ ਅਵਤਾਰ ਵਿੱਚ ਸਵੀਕਾਰ ਕਰਨਗੇ।” ਆਪਣੇ ਕਿਰਦਾਰ ਦਾ ਖੁਲਾਸਾ ਕਰਦਿਆਂ ਰੌਸ਼ਨ ਪ੍ਰਿੰਸ ਨੇ ਕਿਹਾ, “ਜਦੋਂ ਮੈਨੂੰ ਇਹ ਸਕ੍ਰਿਪਟ ਮਿਲੀ, ਮੈਂ ਆਪਣੇ ਕਿਰਦਾਰ (ਗਿੱਲ) ਤੋਂ ਖ਼ਾਸਕਰ ਪ੍ਰਭਾਵਿਤ ਹੋਇਆ। ਮੈਂਨੂੰ ਯਕੀਨ ਹੈ ਕਿ ਇਹ ਕਿਰਦਾਰ ਦਰਸ਼ਕਾਂ ‘ਤੇ ਪ੍ਰਭਾਵ ਛੱਡ ਦੇਵੇਗਾ।”
ਬੱਬਲ ਰਾਏ ਨੇ ਆਪਣੀ ਫਿਲਮ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਕਿਹਾ, “ਮੇਰਾ ਕਿਰਦਾਰ ਟ੍ਰੇਲਰ ਵਿੱਚ ਨਹੀਂ ਦਿਖਾਇਆ ਗਿਆ, ਜਿਸ ਨਾਲ ਦਰਸ਼ਕਾਂ ਵਿੱਚ ਉਤਸੁਕਤਾ ਪੈਦਾ ਹੋ ਗਈ ਹੈ। ਮੈਂ ਬੱਸ ਆਸ ਕਰਦਾ ਹਾਂ ਕਿ ਆਖਰਕਾਰ ਜਦੋਂ ਉਹ ਫਿਲਮ ਵਿੱਚ ਵੇਖਣਗੇ ਤਾਂ ਉਹ ਬਿਲਕੁਲ ਨਿਰਾਸ਼ ਨਹੀਂ ਹੋਣਗੇ।” ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਜਿਵੇਂ ਕਿ ਫਿਲਮ ਦੀ ਰਿਲੀਜ਼ ਬਿਲਕੁਲ ਨਜ਼ਦੀਕ ਹੈ। ਇਸ ਲਈ, ਫਿਲਮ ਦੀ ਪੂਰੀ ਟੀਮ ਜੋਰਾਂ ਸ਼ੋਰਾਂ ਨਾਲ ਪ੍ਰੋਮੋਸ਼ਨ ਚ ਲੱਗੀ ਹੈ। ਮੇਰਾ ਮੰਨਣਾ ਹੈ ਕਿ ਅਸੀਂ ਆਪਣਾ ਕੰਮ ਪੂਰਾ ਕਰ ਲਿਆ ਹੈ ਹੁਣ ਇਹ ਦਰਸ਼ਕਾਂ ‘ਤੇ ਹੈ ਕਿ ਉਹ ਇਸ ਨੂੰ ਕਿੰਨਾ ਪਸੰਦ ਕਰਨਗੇ।” ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਕਰਕੇ ਅਸੀਂ ਆਪਣੇ ਪ੍ਰੋਜੈਕਟ ਨੂੰ ਲੈਕੇ ਕਾਫ਼ੀ ਵਿਸ਼ਵਾਸ਼ ਹੈ। ਅਜਿਹੀ ਪ੍ਰਤਿਭਾਵਾਨ ਸਟਾਰ ਕਾਸਟ ਅਤੇ ਟੀਮ ਦੇ ਨਾਲ ਕੰਮ ਕਰਨਾ ਇਕ ਸ਼ਾਨਦਾਰ ਤਜਰਬਾ ਰਿਹਾ। ਸਾਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ ਪੌਲੀਵੁੱਡ ਵਿਚ ਐਕਸ਼ਨ-ਰੋਮਾਂਟਿਕ ਫਿਲਮਾਂ ਲਈ ਇਕ ਮਾਪਦੰਡ ਕਾਇਮ ਕਰੇਗੀ।”
ਫਿਲਮ ਦੀ ਵਿਸ਼ਵਵਿਆਪੀ ਵੰਡ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓ ਦੁਆਰਾ ਕੀਤੀ ਗਈ ਹੈ। ‘ਇਕ ਸੰਧੂ ਹੁੰਦਾ ਸੀ’ 28 ਫਰਵਰੀ 2020 ਨੂੰ ਸਿਨੇਮਾਘਰਾਂ ‘ਚ ਆਵੇਗੀ।