ਦਿਲਜੀਤ ਦੋਸਾਂਝ ਪੋਲੀਵੁਡ ਅਤੇ ਬਾਲੀਵੁੱਡ ਇੰਡਸਟਰੀ ਦੀ ਇਕ ਐਹੋ ਜਹੀ ਸਖਸ਼ੀਅਤ ਹੈ ਜਿਸ ਨੂੰ ਦਰਸ਼ਕ ਹਮੇਸ਼ਾ ਹੀ ਦੇਖਣਾ ਤੇ ਸੁਣਨਾ ਪਸੰਦ ਕਰਦੇ ਨੇ । ਦਿਲਜੀਤ ਵੀ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਦਿਲੋਂ ਜਾਨ ਨਾਲ ਮਿਹਨਤ ਕਰਦੇ ਨੇ । ਇਸੇ ਮਿਹਨਤ ਦਾ ਨਤੀਜਾ ਹੈ ਕਿ ਅੱਜ ਹਰ ਪਾਸੇ ਦਲਜੀਤ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ । ਆਪਣੀ ਮਿਹਨਤ ਨੂੰ ਬਰਕਰਾਰ ਰੱਖਦਿਆਂ ਦਿਲਜੀਤ ਆਪਣੀ ਨਵੀ ਫ਼ਿਲਮ ‘ ਛੜਾ ‘ ਰਾਹੀਂ ਫਿਰ ਦਰਸ਼ਕਾਂ ਨੂੰ ਖੁਸ਼ ਕਰਨ ਵਾਲੇ ਹਨ । ਫ਼ਿਲਮ ਛੜਾ ਵਿੱਚ ਦਲਜੀਤ ਦੁਸਾਂਝ ਦੇ ਨਾਲ ਨੀਰੂ ਬਾਜਵਾ ਮੁੱਖ ਕਿਰਦਾਰ ਵਿੱਚ ਵਜੋਂ ਨਜ਼ਰ ਆਉਣਗੇ । ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।
ਏ ਐਂਡ ਏ ਐਡਵਾਈਜ਼ਰ ਅਤੇ ਬਰਾਤ ਫ਼ਿਲਮਜ਼ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਫ਼ਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਦੁਆਰਾ ਹੀ ਲਿਖੀ ਗਈ ਹੈ। ਫ਼ਿਲਮ ਦੇ ਨਿਰਮਾਤਾ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਹਨ । ਫ਼ਿਲਮ ਦੀ ਬਾਕੀ ਅਦਾਕਾਰਾ ਦੀ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਤੋਂ ਇਲਾਵਾ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕਮਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ ।
ਫ਼ਿਲਮ ਦੀ ਕਹਾਣੀ ਇੱਕ ਛੜੇ ਦੇ ਇਰਦ ਗਿਰਦ ਘੁੰਮਦੀ ਹੈ ਜਿਸ ਦਾ ਵਿਆਹ ਨਹੀਂ ਹੋ ਰਿਹਾ ਅਤੇ ਉਸਦੇ ਘਰ ਦੇ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ । ਛੜੇ ਦੀ ਭੂਮਿਕਾ ਨਿਭਾ ਰਹੇ ਦਲਜੀਤ ਨੂੰ ਫਿਲਮ ਵਿੱਚ ਫੋਟੋਗ੍ਰਾਫਰ ਦਾ ਕੰਮ ਕਰਦਿਆਂ ਦਿਖਾਇਆ ਗਿਆ ਹੈ ਤੇ ਇਸੇ ਕੰਮ ਦੌਰਾਨ ਉਹ ਇੱਕ ਵਿਆਹ ਵਿੱਚ ਨੀਰੂ ਬਾਜਵਾ ਨਾਲ ਮਿਲਦਾ ਹੈ ਅਤੇ ਉਸ ਨਾਲ ਆਪਣੇ ਵਿਆਹ ਦੇ ਸੁਪਨੇ ਸਜਾਉਂਦਾ ਹੈ । ਪਰ ਨੀਰੂ ਬਾਜਵਾ ਦੇ ਰਹਿਣ ਸਹਿਣ ਖਾਣ ਪੀਣ ਨੂੰ ਨਜ਼ਰ ਵਿੱਚ ਰੱਖਦਿਆਂ ਉਸ ਨੂੰ ਨੀਰੂ ਬਾਜਵਾ ਨਾਲ ਆਪਣੇ ਪਰਿਵਾਰ ਵਿੱਚ ਰਹਿਣਾ ਬਹੁਤ ਔਖਾ ਸਾਬਿਤ ਹੁੰਦਾ ਲੱਗਦਾ ਹੈ ।
ਫ਼ਿਲਮ ਵਿਚਲੇ ਡਾਇਲਾਗ ਜਗਦੀਪ ਸਿੱਧੂ ਵੱਲੋਂ ਬਹੁਤ ਖੂਬਸੂਰਤੀ ਅਤੇ ਅਰਥ ਪੂਰਵਕ ਢੰਗ ਨਾਲ ਲਿਖੇ ਗਏ ਨੇ ਜਿਸ ਵਿੱਚ ਕਾਮੇਡੀ ਦਾ ਭਰਪੂਰ ਸੁਮੇਲ ਹੈ । ਫਿਲਮ ਦੇ ਟਰੇਲਰ ਤੋਂ ਸਾਬਿਤ ਹੁੰਦਾ ਹੈ ਕਿ ਫਿਲਮ ਕਾਮੇਡੀ ਭਰਪੂਰ ਹੋਵੇਗੀ ਅਤੇ ਛੜਿਆਂ ਦੇ ਦੁੱਖਾਂ ਨੂੰ ਬਾਖੂਬੀ ਬਿਆਨ ਕਰੇਗੀ । ਫਿਲਮ ‘ ਛੜਾ ‘ ਦੀ ਪ੍ਰੀ ਬੁਕਿੰਗ ਲਈ ਸਟਾਰਟ ਹੋ ਚੁੱਕੀ ਹੈ ਸੋ ਜਲਦ ਤੋਂ ਜਲਦ ਫ਼ਿਲਮ ਦੀ ਪ੍ਰੀਬੁਕਿੰਗ ਕਰਵਾਓ ਅਤੇ 21 ਜੂਨ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਦੇਖੋ ਕਿ ਦਿਲਜੀਤ (‘ ਛੜਾ ‘) ਦਾ ਵਿਆਹ ਹੁੰਦਾ ਹੈ ਕਿ ਉਹ ਸਿਰਫ਼ ਦੂਜਿਆਂ ਦੇ ਵਿਆਹਾਂ ਦੀਆਂ ਫੋਟੋਆਂ ਬਣਾਉਣ ਜੋਗਾ ਹੀ ਰਹਿੰਦਾ ਹੈ ਵੈਸੇ ਦੱਸ ਦਈਏ ਕੇ ਵਿਆਹ ਨਾ ਹੋਣ ਤੋਂ ਅੱਕਿਆ ‘ ਛੜਾ ‘ ਤਾਂ ਇਹ ਹੀ ਕਹਿ ਰਿਹਾ ਕਿ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ।