ਜ਼ਿੰਦਗੀ ਜਿਉਣ ਦੇ ਢੰਗ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਫ਼ਿਲਮ ‘ ਅਰਦਾਸ ਕਰਾਂ ‘ ਸਿਨੇਮਾਂ ਘਰਾਂ ਹੋਈ ਰਿਲੀਜ਼

ਸਾਲ 2016  ਵਿੱਚ ਰਿਲੀਜ਼ ਹੋਈ ਫ਼ਿਲਮ ‘ ਅਰਦਾਸ ‘ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਬਹੁਤ ਹੀ ਖਾਸ ਜਗ੍ਹਾ ਬਣਾਈ ਹੋਈ ਹੈ । ‘ ਅਰਦਾਸ ‘ ਫ਼ਿਲਮ ਵਿੱਚ  ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਸੀ ਜਿਸ ਕਾਰਨ ਦਰਸ਼ਕਾਂ ਵਿੱਚ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਮੰਗ ਵੱਧ ਚੁੱਕੀ ਹੈ । ਚੰਗੇ ਸੰਕਲਪ ਤੇ ਪਰਿਵਾਰਿਕ ਫਿਲਮਾਂ ਕਰਕੇ ਹੀ ਅੱਜ ਪੰਜਾਬੀ ਸਿਨੇਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ । ਇਸੇ ਤਰ੍ਹਾਂ ਹੀ ਫ਼ਿਲਮ ‘ ਅਰਦਾਸ ‘ ਤੋਂ ਬਾਅਦ ਇਸ ਦਾ ਦੂਜਾ ਭਾਗ ਫ਼ਿਲਮ ‘ ਅਰਦਾਸ ਕਰਾਂ ‘ ਵੀ ਰਿਲੀਜ਼ ਹੋ ਚੁੱਕੀ ਹੈ ।

‘ ਹੰਬਲ ਮੋਸ਼ਨ ਪਿਕਚਰਜ਼ ‘ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ ਜਦ ਕਿ ਰਵਨੀਤ ਕੌਰ ਗਰੇਵਾਲ ਫ਼ਿਲਮ ਦੀ ਸਹਿ-ਨਿਰਦੇਸ਼ਕ ਹੈ । ਫ਼ਿਲਮ ਦੀ ਕਹਾਣੀ ਨੂੰ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੁਆਰਾ ਸਾਂਝੇ ਤੌਰ ਤੇ ਲਿਖਿਆ ਗਿਆ ਹੈ । ਫ਼ਿਲਮ ਦੇ ਡਾਇਲਾਗ ਵੀ ਰਾਣਾ ਰਣਬੀਰ ਵੱਲੋਂ ਹੀ ਲਿਖੇ ਗਏ ਹਨ । ਫ਼ਿਲਮ ‘ ਅਰਦਾਸ ਕਰਾਂ ‘ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ, ਗੁਰਫ਼ਤਹਿ ਸਿੰਘ ਛਿੰਦਾ, ਗੁਰਪ੍ਰੀਤ ਭੰਗੂ, ਹਾਰਬੀ ਸੰਘਾ, ਕੁਲਜਿੰਦਰ ਰੰਧਾਵਾ, ਬੱਬਲ ਰਾਏ ਅਤੇ ਹੋਰ ਕਈ ਕਿਰਦਾਰਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ ।

ਫ਼ਿਲਮ ‘ ਅਰਦਾਸ ਕਰਾਂ ‘ ਵਿੱਚਲੇ ਖੂਬਸੂਰਤ ਸੰਗੀਤ ਨੂੰ ਜਤਿੰਦਰ ਸ਼ਾਹ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਵੱਲੋਂ ਲਿਖੇ ਗਏ ਹਨ । ਫ਼ਿਲਮ ਵਿੱਚਲੇ ਗਾਣੇ ਬਹੁਤ ਹੀ ਖੂਬਸੂਰਤ ਅਤੇ ਭਾਵੁਕਤਾ ਭਰੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਪਿਆਰ ਦਿੱਤਾ ਗਿਆ ਹੈ ।

ਫ਼ਿਲਮ ‘ ਅਰਦਾਸ ਕਰਾਂ ‘ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੂਰੀ ਤਰ੍ਹਾਂ ਜ਼ਿੰਦਗੀ ਦੀ ਸੱਚਾਈ ਤੇ ਆਧਾਰਿਤ ਫ਼ਿਲਮ ਦਿਖਾਈ ਗਈ ਹੈ । ਫ਼ਿਲਮ ਦੀ ਕਹਾਣੀ ਤਿੰਨ ਪੀੜ੍ਹੀਆਂ ਦੀ ਕਹਾਣੀ ਦਿਖਾਈ ਗਈ ਹੈ । ਜ਼ਿੰਦਗੀ ਦੇ ਔਖੇ ਸੌਖੇ ਵੇਲਿਆਂ ਨੂੰ ਹੱਸ ਕੇ ਸਹਾਰਨਾ, ਓਹਨਾ ਦਾ ਸਾਹਮਣਾ ਕਰਨਾ ਅਤੇ ਮੁਸੀਬਤਾਂ ਨੂੰ ਵੀ ਹੱਸ ਕੇ ਸਹਿਣਾ ਹੀ ਇਸ ਫ਼ਿਲਮ ਦਾ ਮੁੱਖ ਮਕਸਦ ਹੈ । ਫ਼ਿਲਮ ਵਿਚਲੀ ਕਹਾਣੀ ਇੱਕ ਕਿਰਦਾਰ ਉੱਤੇ ਨਿਰਭਰ ਨਹੀਂ ਕਰਦੀ ਹੈ । ਫ਼ਿਲਮ ਵਿੱਚ ਵੱਖ ਵੱਖ ਕਿਰਦਾਰਾਂ ਤੇ ਵੱਖ ਵੱਖ ਘਰਾਂ ਦੀਆਂ ਕਹਾਣੀਆਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ ਕਿ ਹਰ ਘਰ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਕਸ਼ਟ ਜ਼ਰੂਰ ਹੁੰਦਾ ਹੈ । ਬਜ਼ੁਰਗਾਂ ਅਤੇ ਅੱਜ ਕੱਲ੍ਹ ਦੀ ਪੀੜ੍ਹੀ ਦੇ ਖਿਆਲਾਂ ਅਤੇ ਰਹਿਣ ਸਹਿਣ ਦੇ ਵਿੱਚ ਜੋ ਫਰਕ ਹੈ ਅਤੇ ਇਸ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਸ ਨੂੰ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਬਜ਼ੁਰਗਾਂ ਦਾ ਤਜਰਬਾ ਅਤੇ ਸਾਥ  ਹੀ ਪਰਿਵਾਰ ਦੀ ਤਾਕਤ ਹੁੰਦਾ ਹੈ ।

ਫ਼ਿਲਮ ਵਿੱਚਲੀ ਅਦਾਕਾਰੀ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੇ ਬੇਟੇ ਗੁਰਫ਼ਤਹਿ ਸਿੰਘ ( ਸ਼ਿੰਦਾ ) ਨੇ ਫ਼ਿਲਮ ਵਿੱਚ ‘ ਝੰਡੇ ‘ ਦੀ ਐਕਟਿੰਗ ਬਹੁਤ ਹੀ ਵਧੀਆ ਕੀਤੀ ਹੈ ਅਤੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ । ਗੱਲ ਕਰੀਏ ਗੁਰਪ੍ਰੀਤ ਘੁੱਗੀ ਦੀ ਤਾਂ ਪਿੱਛਲੀ ਫ਼ਿਲਮ ‘ ਅਰਦਾਸ ‘ ਵਾਂਗ ਹੀ ਇਸ ਫ਼ਿਲਮ ਵਿੱਚ ਵੀ ਉਹ ਸਭ ਦੀ ਪ੍ਰੇਰਨਾ ਬਣਦਾ ਹੈ ਤੇ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਹੋਏ ਉਸ ਨੂੰ ਖੁੱਲ ਕੇ ਜਿਉਣ ਦਾ ਤਰੀਕਾ ਬਿਆਨ ਕਰਦਾ ਹੈ । ਫ਼ਿਲਮ ਵਿੱਚਲੇ ਬਜ਼ੁਰਗ ਕਿਰਦਾਰ ਮਲਕੀਤ ਰੌਣੀ, ਸਰਦਾਰ ਸੋਹੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਨੇ ਫ਼ਿਲਮ ਦੀ ਕਹਾਣੀ ਵਿੱਚ ਜਾਨ ਪਾ ਦਿੱਤੀ । ਗਿੱਪੀ  ਗਰੇਵਾਲ ਦੀ ਅਦਾਕਾਰੀ ਹਮੇਸ਼ਾ ਦੀ ਤਰ੍ਹਾਂ ਹੀ ਬਹੁਤ ਵਧੀਆ ਸੀ । ਅਦਾਕਾਰਾ ਸਪਨਾ ਪੱਬੀ, ਜਪੁਜੀ ਖਹਿਰਾ, ਮੇਹਰ ਵਿੱਜ ਨੇ ਵੀ ਬਹੁਤ ਵੱਡਾ ਅਦਾਕਾਰੀ ਕੀਤੀ । ਫ਼ਿਲਮ ਵਿੱਚ ਬੱਬਲ ਰਾਏ, ਕੁਲਜਿੰਦਰ ਰੰਧਾਵਾ ਨੇ ਵੀ ਆਪਣੀ ਅਦਾਕਾਰੀ ਦਿਖਾਈ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਈ । ਪੰਜਾਬੀ ਇੰਡਸਟਰੀ ਦੇ ਦਿਗਜ਼ ਯੋਗਰਾਜ ਦੀ ਅਦਾਕਾਰੀ ਹਮੇਸ਼ਾ ਦੀ ਤਰ੍ਹਾਂ ਹੀ ਓਹਨਾ ਦੇ ਕਿਰਦਾਰ ਦੇ ਅਨੁਸਾਰ ਫ਼ਿਲਮ ਨੂੰ ਚਾਰ ਚੰਦ ਲਾਉਣ ਵਾਲੀ ਹੈ ।

ਫ਼ਿਲਮ ‘ ਅਰਦਾਸ ਕਰਾਂ ‘ ਪਰਿਵਾਰਿਕ ਫ਼ਿਲਮ ਦੇ ਨਾਲ ਨਾਲ ਜ਼ਿੰਦਗੀ ਦੇ ਸਫਰ ਨੂੰ ਜਿਉਣ ਦੇ ਢੰਗ ਨੂੰ ਵੀ ਬਿਆਨ ਕਰਦੀ ਹੈ ਤੇ ਪਰਿਵਾਰਿਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਬਾਖੂਬੀ ਦਰਸਾਉਂਦੀ ਹੈ । ਸਾਡੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀਆਂ ਘੱਟ ਰਹੀਆਂ ਕਦਰਾਂ ਕੀਮਤਾਂ ਨੂੰ ਜਾਨਣ ਲਈ ਤੇ ਇਹਨਾਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਇਹ ਫ਼ਿਲਮ ਸਾਡੇ ਲਈ ਇੱਕ ਅਣਮੁੱਲਾ ਤੋਹਫ਼ਾ ਹੈ । ਇੱਕ ਚੰਗਾ ਸਮਾਜ ਸਿਰਜਣ ਲਈ ਐਸੀਆਂ ਫ਼ਿਲਮਾਂ ਦਾ ਬਣਦੇ ਰਹਿਣਾ ਤੇ ਚੱਲਣਾ ਅਤਿਅੰਤ ਜਰੂਰੀ ਹੈ । ਜੇਕਰ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਇਹ ਫ਼ਿਲਮ ਜਰੂਰ ਦੇਖਣ ਜਾਣਾ ਚਾਹੀਦਾ । ਇਸ ਚੰਗੇ ਸੁਨੇਹੇ ਵਾਲੀ ਫ਼ਿਲਮ ਬਣਾਉਣ ਲਈ ਫ਼ਿਲਮ ਦੀ ਸਾਰੀ ਟੀਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ।

Comments

comments