ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ‘ ਇੱਕੋ ਮਿੱਕੇ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪੰਜਾਬੀ ਫ਼ਿਲਮ ਇੰਡਸਟਰੀ ਦੀ ਆਉਣ ਵਾਲੀ ਨਵੀਂ ਫਿਲਮ ‘ ਇੱਕੋ ਮਿੱਕੇ ‘ ਦਾ ਟ੍ਰੇਲਰ ਹਾਲ ਹੀ ਵਿੱਚ ਜਾਰੀ ਹੋਇਆ ਹੈ। ਜਿਸ ਵਿੱਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ‘ ਇੱਕੋ ਮਿੱਕੇ ‘ ਫ਼ਿਲਮ ਦੀ ਕਹਾਣੀ ਪਾਲੀਵੁੱਡ ਦੀਆਂ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਨਾਲੋ ਵੱਖਰੀ ਕਹਾਣੀ ਹੈ । ਫ਼ਿਲਮ ਦੇ ਟ੍ਰੇਲਰ ਵਿੱਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਦੀ ਅਦਾਕਾਰੀ ਨੂੰ ਦੇਖਕੇ ਲੱਗਦਾ ਹੈ ਕਿ ਪਾਲੀਵੁੱਡ ਨੂੰ ਇਕ ਨਵੀਂ ਜੋੜੀ ਮਿਲਣ ਜਾ ਰਹੀ ਹੈ ਜੋ ਕਿ ਅੱਗੇ ਜਾਕੇ ਹੋਰ ਵੀ ਕਮਾਲ ਦੀ ਅਦਾਕਾਰੀ ਪੇਸ਼ ਕਰੇਗੀ । ਫ਼ਿਲਮ ‘ ਇੱਕੋ ਮਿੱਕੇ ‘ 13 ਮਾਰਚ 2020 ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ‘ ਇੱਕੋ ਮਿੱੱਕੇ ‘ ਦੀ ਕਹਾਣੀ, ਸਕ੍ਰੀਨਪਲੇ ਨੂੰ ਪੰਕਜ ਵਰਮਾ ਦੁਆਰਾ ਲਿਖਿਆ ਗਿਆ ਹੈ । ਫ਼ਿਲਮ ਦੀ ਕਹਾਣੀ ਵਿੱਚਲੇ ਡਾਇਲੋਗ ਵੀ ਪੰਕਜ ਵਰਮਾ ਦੁਆਰਾ ਹੀ ਲਿਖੇ ਗਏ ਹਨ ਜਿਸ ਵਿੱਚ ਉਹਨਾਂ ਦਾ ਸਾਥ ਪ੍ਰੀਤ ਮਾਹਲਾ ਨੇ ਦਿੱਤਾ ਹੈ ।

ਪੰਕਜ ਵਰਮਾ ਦੁਆਰਾ ਹੀ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਨੂੰ ਸਰਤਾਜ ਫ਼ਿਲਮ ਅਤੇ ਫਿਰਦੌਸ ਪ੍ਰੋਡਕਸ਼ਨ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ । ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ , ਮਹਾਵੀਰ ਭੁੱਲਰ, ਸ਼ਿਵਾਨੀ ਸਾਨੀਆ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੈ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਨੂਰ ਚਾਹਲ ਅਤੇ ਉਮੰਗ ਸ਼ਰਮਾ ਵੀ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ । ਫ਼ਿਲਮ ਦੇ ਟ੍ਰੇਲਰ ਤੋਂ ਪਤਾ ਲਗਦਾ ਹੈ ਕਿ ਫ਼ਿਲਮ ਦੀ ਕਹਾਣੀ ਇਕ ਨੌਜਵਾਨ ਜੋੜੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਪਿਆਰ ਵਿਚ ਪੈ ਜਾਂਦੇ ਹਨ ਅਤੇ ਫਿਰ ਵਿਆਹ ਕਰਵਾਉਂਦੇ ਹਨ।

ਆਪਣੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਦੋਵੇਂ ਇਕ ਦੂਜੇ ਦੇ ਸੁਭਾਅ ਨੂੰ ਸਮਝਣ ਤੋਂ ਅਸਮਰੱਥ ਹਨ। ਫਿਰ ਫ਼ਿਲਮ ਦੀ ਕਹਾਣੀ ਵਿੱਚ ਇਕ ਅਜਿਹਾ ਦੇ ਮੋੜ ਆਉਂਦਾ ਹੈ ਜਿਸ ਨੂੰ ਫ਼ਿਲਮ ਵਿੱਚ ਦੇਖਣਾ ਬੜਾ ਹੀ ਦਿਲਚਸਪ ਹੋਵੇਗਾ । ਇਕ-ਦੂਜੇ ਨੂੰ ਸਮਝਣ ਲਈ ਦੋਵੇਂ ਇਕ ਦੂਜੇ ਦੇ ਸਰੀਰ ਵਿਚ ਉਤਰ ਜਾਂਦੇ ਹਨ ਤੇ ਫਿਰ ਸ਼ੁਰੂ ਹੁੰਦੀ ਹੈ ਫ਼ਿਲਮ ਦੀ ਅਸਲ ਕਹਾਣੀ । ਅੱਗੇ ਵੱਧ ਫਿਲਮ ਦੀ ਕਹਾਣੀ ਕੀ ਮੋੜ ਲੈਂਦੀ ਹੈ ਇਹ ਫ਼ਿਲਮ ਦੇਖਣ ਤੇ ਹੀ ਸਾਹਮਣੇ ਆਵੇਗਾ । ਹੋਰ ਪ੍ਰੇਮ ਕਹਾਣੀਆਂ ਤੋ ਹੱਟ ਕੇ ਇਹ ਫ਼ਿਲਮ ਵਿਆਹ ਤੋਂ ਬਾਅਦ ਚੀਜ਼ਾਂ ਦੇ ਬਦਲਾਵ ਨੂੰ ਪੇਸ਼ ਕਰਦੀ ਹੈ ।

ਅਦਾਕਾਰੀ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਬਿਲਕੁਲ ਵੱਖਰਾ ਦਿਖਾਈ ਦੇ ਰਹੇ ਨੇ ਤੇ ਆਪਣੀ ਭੂਮਿਕਾ ਵਿਚ ਫਿੱਟ ਬੈਠਦੇ ਨਜ਼ਰ ਆ ਰਹੇ ਹਨ । ਅਦਿਤੀ ਸ਼ਰਮਾ ਵੀ ਆਪਣੀ ਦਿਲਕਸ਼ ਮੁਸਕਾਨ ਅਤੇ ਟ੍ਰੇਲਰ ਵਿਚ ਹੀ ਪ੍ਰਭਾਵਸ਼ਾਲੀ ਅਭਿਨੈ ਨਾਲ ਆਪਣੀ ਅਦਾਕਾਰੀ ਨੂੰ ਚਾਰ ਚੰਦ ਲਗਾ ਰਹੀ ਹੈ । ਇਹਨਾਂ ਦੀ ਅਦਾਕਾਰੀ ਤੇ ਟੀਮ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ ਇਹ ਤਾਂ 13 ਮਾਰਚ 2020 ਨੂੰ ਸਿਨੇਮਾਂ ਘਰਾਂ ਵਿੱਚ ਹੀ ਪਤਾ ਲੱਗੇਗਾ ।

Comments

comments

Post Author: Jasdeep Singh Rattan