ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਇਕੱਠੇ ਨਜ਼ਰ ਆਉਣਗੇ ਫ਼ਿਲਮ ‘ ਪਰਿੰਦੇ ‘ ਵਿੱਚ ।

ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਉਣ ਵਾਲੇ ਯੁਵਰਾਜ ਹੰਸ ਸ਼ਾਨਦਾਰ ਗਾਇਕ ਤੇ ਅਦਾਕਾਰ ਤਾਂ ਹੈ ਹੀ ਪਰ ਨਾਲ ਹੀ ਇੱਕ ਸ਼ਾਨਦਾਰ ਸ਼ਖ਼ਸੀਅਤ ਵੀ ਹੈ । ਯੁਵਰਾਜ ਹੰਸ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ‘ ਯਾਰ ਅਣਮੁੱਲੇ ‘ ਨਾਲ ਕੀਤੀ ਸੀ ਜੋ ਕਿ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੀ ਗਈ ਸੀ । ਇਸ ਫ਼ਿਲਮ ਤੋਂ ਬਾਅਦ ਯੁਵਰਾਜ ਹੰਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੰਗੇ ਗਾਣੇ ਤੇ ਫਿਲਮਾਂ ਦੋਨੋਂ ਦਿੱਤੀਆਂ । ਹਾਲ ਹੀ ਵਿੱਚ ਬਹੁਤ ਹੀ ਖ਼ੂਬਸੂਰਤ ਫ਼ਿਲਮ ‘ ਯਾਰਾ ਵੇ ‘ ਦੁਆਰਾ ਵੀ ਯੁਵਰਾਜ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ ਹੈ ਤੇ ਹੁਣ ਯੁਵਰਾਜ ਦੀ ਅਗਲੀ ਫ਼ਿਲਮ ‘ ਪਰਿੰਦੇ ‘ ਵੀ ਅਨਾਊਂਸ ਹੋ ਚੁੱਕੀ ਹੈ ।

ਫ਼ਿਲਮ ‘ ਪਰਿੰਦੇ ‘ ਨੂੰ ਅਜਬ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਜਾਵੇਗਾ । ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਬੌਬੀ ਸਚਦੇਵਾ ਪ੍ਰੋਡਿਊਸ ਕਰਨਗੇ । ਫਿਲਮ ਦੀ ਕਹਾਣੀ ਨੂੰ ਬੌਬੀ ਸਚਦੇਵਾ ਤੇ ਮਨਭਾਵਨ ਸਿੰਘ ਦੁਆਰਾ ਸਾਂਝੇ ਤੌਰ ਤੇ ਲਿਖਿਆ ਗਿਆ ਹੈ । ਫ਼ਿਲਮ ਵਿੱਚ ਯੁਵਰਾਜ ਹੰਸ ਦੇ ਨਾਲ ਉਨ੍ਹਾਂ ਦੀ ਹਮਸਫ਼ਰ ਮਾਨਸੀ ਸ਼ਰਮਾ ਹੰਸ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਫਿਲਮ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵਾਪਸੀ ਕਰਨ ਜਾ ਰਾਹੀਂ ਗੁਰਲੀਨ ਚੋਪੜਾ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ । ਫ਼ਿਲਮ ਵਿਚਲੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਹਰਸਿਮਰਨ, ਸਪਨਾ ਬੱਸੀ
, ਹੌਬੀ ਧਾਲੀਵਾਲ ,ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਨਵਦੀਪ ਕਲੇਰ, ਆਦਿਤਿਆ ਸ਼ਰਮਾ ਵੀ ਆਪਣੀ ਭੂਮਿਕਾ ਨਿਭਾਉਣਗੇ ।

ਫ਼ਿਲਮ ‘ ਪਰਿੰਦੇ ‘ ਦੇ ਅਨਾਊਂਸ ਹੋਣ ਦੇ ਨਾਲ ਨਾਲ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ ਜੋ ਕਿ ਆਪਣੇ ਆਪ ਵਿੱਚ ਕਾਫ਼ੀ ਕੁਝ ਬਿਆਨ ਕਰ ਰਿਹਾ ਹੈ । ਟੈਲੀਵਿਜ਼ਨ ਐਕਟਰ ਤੇ ਮਾਡਲ ਮਾਨਸੀ ਸ਼ਰਮਾ ਹੰਸ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਬਹੁਤ ਸਲਾਹਿਆ ਹੈ । ਮਾਨਸੀ ਨੇ ਟੀਵੀ ਸੀਰੀਅਲ ਤੋਂ ਇਲਾਵਾ ਪੰਜਾਬੀ ਤੇ ਮਲਿਆਲਮ ਫ਼ਿਲਮ ਵਿੱਚ ਵੀ ਆਪਣੀ ਕਲਾ ਦਿਖਾਈ ਹੈ ਤੇ ਹੁਣ ਫ਼ਿਲਮ ‘ ਪਰਿੰਦੇ ‘ ਨਾਲ ਇੱਕ ਵਾਰ ਫਿਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਜਾ ਰਹੀ ਹੈ ।

ਫ਼ਿਲਮ ‘ ਪਰਿੰਦੇ ‘ ਰਾਹੀਂ ਯੁਵਰਾਜ ਤੇ ਮਾਨਸੀ ਦੀ ਨਵੀਂ ਜੋੜੀ ਤੋਂ ਦਰਸ਼ਕਾਂ ਲਈ ਕੁਝ ਨਵਾਂ ਲੈ ਕੇ ਆਉਣ ਦੀ ਹੀ ਆਸ ਰੱਖਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਸ ਖੂਬਸੂਰਤ ਜੋੜੀ ਦੀ ਤਰ੍ਹਾਂ ਹੀ ਫ਼ਿਲਮ ‘ ਪਰਿੰਦੇ ‘ ਆਪਣੇ ਸਿਰਲੇਖ ਵਾਂਗ ਹੀ ਖੂਬਸੂਰਤ ਹੋਵੇਗੀ ਤੇ ਫ਼ਿਲਮ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਏਸੇ ਸਾਲ ਸਰਦੀਆਂ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ।

Comments

comments