ਸੁਪਨੇ ਲੈਣੇ ਤੇ ਫਿਰ ਉਹਨਾਂ ਨੂੰ ਪੂਰਾ ਕਰਨਾ ਸ਼ਾਇਦ ਇਹੀ ਜ਼ਿੰਦਗੀ ਦਾ ਅਸਲ ਮੰਤਵ ਹੈ, ਇਹੀ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਤੇ ਇਹੀ ਸਫ਼ਲਤਾ ਦਾ ਮੂਲ-ਮੰਤਰ ਹੈ… ਹਰਿੰਦਰ ਭੁੱਲਰ ਅਤੇ ਉਹਨਾਂ ਦੇ ਸਾਥੀ ਉੱਘੇ ਕਲਾਕਾਰ ਅਤੇ ਫ਼ਿਲਮ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਨੇ ਕੁਝ ਮਹੀਨੇ ਪਹਿਲਾਂ ਇੱਕ ਫ਼ਿਲਮ ਨਿਰਮਾਣ ਦਾ ਸੁਪਨਾ ਲਿਆ ਸੀ, ਇੱਕ ਐਸੀ ਫ਼ਿਲਮ ਜੋ ਮਨੋਰੰਜਨ ਦੇ ਨਾਲ ਨਾਲ ਮਨੁੱਖੀ ਭਾਵਨਾਵਾਂ ਦੀ ਗੱਲ ਵੀ ਕਰਦੀ ਹੋਵੇ ਤੇ ਜੋ ਰਵਾਇਤੀ ਪੰਜਾਬੀ ਫ਼ਿਲਮਾਂ ਤੋਂ ਥੋੜ੍ਹੀ ਜਿਹੀ ਅਲੱਗ ਵੀ ਹੋਵੇ, ਤੇ ਅੱਜ ਬੜੀ ਖ਼ੁਸ਼ੀ ਨਾਲ ਦੱਸ ਰਹੇ ਹਾਂ ਕਿ ਉਹਨਾਂ ਦਾ ਸੁਪਨਾ ਫ਼ਿਲਮ ‘ਰੱਬਾ ਰੱਬਾ ਮੀਂਹ ਵਰਸਾ’ ਰਾਹੀਂ ਪੂਰਾ ਹੋਣ ਜਾ ਰਿਹਾ ਹੈ।
ਇਹ ਵੀ ਬਹੁਤ ਖ਼ੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਲਿਖੀ ਇਸ ਫ਼ਿਲਮ ਨੂੰ ‘ਪਿੰਜਰ’, ‘ਲਗਾਨ’, ‘ਜੋਧਾ ਅਕਬਰ’ ਅਤੇ ‘ਦੰਗਲ’ ਜਿਹੀਆਂ ਮਹਾਨ ਫ਼ਿਲਮਾਂ ਦੇ ਐਡੀਟਰ ਬੱਲੂ ਸਲੂਜਾ ਭਾਅ ਜੀ ਨਾ ਸਿਰਫ਼ ਪ੍ਰੋਡਿਊਸ (ਫ਼ਿਲਮ ਟਰਾਈਬਸ) ਕੀਤਾ ਹੈ ਬਲਕਿ ਉਹ ਇਸਦੀ ਐਡੀਟਿੰਗ ਵੀ ਕਰਨਗੇ ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਹਨਾਂ ਆਪ ਸੈੱਟ ‘ਤੇ ਮੌਜੂਦ ਰਹਿ ਕੇ ਹੌਂਸਲੇ ਨੂੰ ਦੂਣਾ-ਚੌਣਾ ਕਰ ਦਿੱਤਾ… ਕੈਨੇਡਾ ਵਾਸੀ ‘ਸੈਮ ਝੱਜ’ (ਝੱਜ ਪ੍ਰੋਡਕਸ਼ਨ) ਨੇ ਵੀ ਇਸ ਫ਼ਿਲਮ ਲਈ ਬਤੌਰ ਸਹਿ-ਨਿਰਮਾਤਾ ਬਣ ਕੇ ਫਿਲਮ ਦਾ ਮਾਣ ਵਧਾਇਆ,
ਸਿਮਰਨਜੀਤ ਸਿੰਘ ਹੁੰਦਲ (‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਅਤੇ ’25 ਕਿੱਲੇ’ ਫ਼ੇਮ) ਦੇ ਜਿਹਨਾਂ ਨੇ ਫ਼ਿਲਮ ਦੀ ਕਹਾਣੀ ਸੁਣਦਿਆਂ ਹੀ ਬਿਨਾਂ ਕਿਸੇ ਸੋਚ-ਵਿਚਾਰ ਦੇ ਇਸ ਦਾ ਨਿਰਦੇਸ਼ਨ ਕਰਨਾ ਸਵੀਕਾਰ ਕੀਤਾ ਤੇ ਪੂਰੀ ਤਨਦੇਹੀ ਨਾਲ ਰਿਕਾਰਡ ਸਮੇਂ (19 ਦਿਨਾਂ– “28 ਅਪ੍ਰੈਲ ਤੋਂ 16 ਮਈ”) ਵਿੱਚ ਇਸਦਾ ਨਿਰਮਾਣ ਨੇਪਰੇ ਚਾੜ੍ਹਿਆ…
ਸਰਕਾਰੀ ਸਕੂਲ ਪਿੰਡ ਡੋਡ (ਜ਼ਿਲ੍ਹਾ-ਫ਼ਰੀਦਕੋਟ) ਦੇ ਉਹਨਾਂ ਬਾਲ ਕਲਾਕਾਰਾਂ ਦਾ ਜੋ ਇਸ ਫ਼ਿਲਮ ਦੇ ਹੀਰੋ ਹਨ ਅਤੇ ਜਿੰਨ੍ਹਾਂ ਨੇ ਲੰਬਾ ਸਮਾਂ ਉੱਘੇ ਨਾਟਕਕਾਰ ਕੀਰਤੀ ਕਿਰਪਾਲ ਜੀ ਦੀ ਨਿਰਦੇਸ਼ਨਾ ਹੇਠ ਪਹਿਲਾਂ ਹੀ ‘ਰੱਬਾ ਰੱਬਾ ਮੀਂਹ ਵਰਸਾ’ ਨਾਟਕ ਦੇ ਪੰਜਾਬ ਭਰ ਵਿੱਚ ਸੈਂਕੜੇ ਸ਼ੋਅਜ਼ ਕੀਤੇ ਹਨ। ਇਹਨਾਂ ਬਾਲ ਕਲਾਕਾਰਾਂ ਨੂੰ ਬਤੌਰ ਹੀਰੋ ਲੈ ਕੇ ਫ਼ਿਲਮ ਬਣਾਉਣਾ ਇਸ ਫ਼ਿਲਮ ਦਾ ਇੱਕ ਹਾਸਲ ਹੈ ਤੇ ਇਹਨਾਂ ਦੀ ਅਦਾਕਾਰੀ ਨਿਸ਼ਚੇ ਹੀ ਆਪ ਸਭ ਦਾ ਮਨ ਜਿੱਤੇਗੀ….
ਫ਼ਿਲਮ ਇੰਡਸਟਰੀ ਦੇ ਥੰਮ੍ਹ ਅਦਾਕਾਰਾਂ ਨੇ ਆਪਣੀ ਅਦਾਕਾਰੀ ਰਾਂਹੀ ਇਸ ਫ਼ਿਲਮ ਨੂੰ ਬਹੁਤ ਵੱਡਾ ਕਰ ਦਿੱਤਾ, ਇਹਨਾਂ ਅਦਾਕਾਰਾਂ ਵਿੱਚ ਸ਼ਾਮਲ ਹਨ ਬਾਲੀਵੁੱਡ ਅਦਾਕਾਰ ਉਂਕਾਰ ਦਾਸ ਮਾਨਿਕਪੁਰੀ (‘ਪੀਪਲੀ ਲਾਈਵ’ ਫ਼ੇਮ ‘ਨੱਥਾ’), ਸਤਿਕਾਰਤ ਅਨੀਤਾ ਦੇਵਗਣ ਜੀ, ਸਰਦਾਰ ਸੋਹੀ ਭਾਅ ਜੀ, ਰਾਣਾ ਜੰਗ ਬਹਾਦਰ ਜੀ, ਮਲਕੀਤ ਰੌਣੀ ਭਾਅ ਜੀ, ਹਰਬੀ ਸੰਘਾ ਜੀ, ਪ੍ਰਕਾਸ਼ ਗਾਧੂ ਭਾਅ ਜੀ, ਗੁਰਨਾਮ ਸਿੱਧੂ ਜੀ ਅਤੇ ਮੇਰਾ ਪਿਆਰਾ ਨਿੱਕਾ ਵੀਰ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ। ਦੀਪ ਅਤੇ ਜੈਸਮੀਨ ਜੱਸੀ ਨੂੰ ਪਹਿਲੀ ਵਾਰ ਬਤੌਰ ਅਦਾਕਾਰ ਪਰਦੇ ‘ਤੇ ਦੇਖ ਕੇ ਦਰਸ਼ਕਾਂ ਨੂੰ ਉਹਨਾਂ ਅੰਦਰਲੇ ਅਦਾਕਾਰ ਦੀ ਪ੍ਰਪੱਕਤਾ ਦਾ ਅੰਦਾਜ਼ਾ ਹੋਵੇਗਾ।
ਸਾਨੂੰ ਸਾਰਿਆਂ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਹੈ..