ਇਕ ਸਮਾਂ ਸੀ ਜਦੋਂ ਪੋਲੀਵੁੱਡ ਵਿੱਚ ਨਿਰਮਾਤਾਵਾਂ ਦੀ ਘਾਟ ਕਾਰਨ ਫ਼ਿਲਮਾਂ ਦਾ ਬਣਨਾ ਬਹੁਤ ਔਖਾ ਸੀ ਤੇ ਜਿਹੜੀਆਂ ਫ਼ਿਲਮਾਂ ਬਣਦੀਆਂ ਵੀ ਸੀ ਓਹਨਾਂ ਦਾ ਬਜਟ ਘੱਟ ਹੋਣ ਕਾਰਨ ਫ਼ਿਲਮ ਦੇ ਨਿਰਦੇਸ਼ਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਸਮਾਂ ਬਦਲ ਚੁੱਕਿਆ, ਸਾਨੂੰ ਹਰ ਹਫ਼ਤੇ ਇਕ ਨਵੀਂ ਪੰਜਾਬੀ ਫ਼ਿਲਮ ਦੇਖਣ ਨੂੰ ਮਿਲਦੀ ਹੈ ਤੇ ਹਰ ਫ਼ਿਲਮ ਪੋਲੀਵੁੱਡ ਨੂੰ ਇਕ ਨਵਾਂ ਨਿਰਮਾਤਾ ਦੇ ਜਾਂਦੀ ਹੈ ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ‘ ਬੰਟੀ ਬੈਂਸ ‘ ਗਾਣਿਆਂ ਤੇ ਗਾਇਕਾਂ ਨੂੰ ਪ੍ਰੋਡਿਊਸ ਕਰਨ ਤੋਂ ਬਾਅਦ ਹੁਣ ਫ਼ਿਲਮ ਵੀ ਪ੍ਰੋਡਿਊਸ ਕਰਨ ਜਾ ਰਹੇ ਹਨ । ‘ ਬਰੈਂਡ ਬੀ ਸਟੂਡੀਓਜ਼ ‘ ਦੀ ਪੇਸ਼ ਕੀਤੀ ਇਸ ਫ਼ਿਲਮ ਦਾ ਨਾਮ ਹਜੇ ਅਨਾਉਂਸ ਨਹੀਂ ਕੀਤਾ ਗਿਆ ਪਰ ਬਾਕੀ ਜਾਣਕਾਰੀ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਦਿੱਤੀ । ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਸਿੰਮੀ ਚਾਹਲ ਨਿਭਾਉਣਗੇ, ਜਿਸ ਤੋਂ ਇਹ ਵੀ ਲੱਗਦਾ ਹੈ ਕਿ ਇਹ ਫ਼ਿਲਮ ਕੁਡ਼ੀ ਦੇ ਕਿਰਦਾਰ ਨੂੰ ਮੁੱਖ ਰੱਖ ਕੇ ਬਣਾਈ ਜਾਵੇਗੀ । ਬੰਟੀ ਬੈਂਸ ਦੇ ਨਿਰਮਾਣ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਦੁਆਰਾ ਲਿਖੀ ਗਈ ਹੈ ਤੇ ਇਸ ਫ਼ਿਲਮ ਰਾਹੀਂ ਜੱਸ ਗਰੇਵਾਲ ਨਿਰਦੇਸ਼ਕ ਦੇ ਰੂਪ ਵਿੱਚ ਵੀ ਦਰਸ਼ਕਾਂ ਦੇ ਸਾਹਮਣੇ ਆਉਣਗੇ ।
ਪੋਲੀਵੁੱਡ ਦੀ ਚੁਲਬੁਲੀ ਅਦਾਕਾਰਾ ਸਿੰਮੀ ਚਾਹਲ ਦੀ ਇਸ ਫ਼ਿਲਮ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਕ ਚੰਗੀ ਕਹਾਣੀ ਦੇ ਨਾਲ ਨਾਲ ਇਕ ਨਵੇਂ ਨਿਰਦੇਸ਼ਕ ਦੇ ਰੂਪ ਵਿੱਚ ‘ ਜੱਸ ਗਰੇਵਾਲ ‘ ਤੇ ਨਵੇਂ ਨਿਰਮਾਤਾ ਦੇ ਰੂਪ ਵਿੱਚ ‘ ਬੰਟੀ ਬੈਂਸ ‘ ਵੀ ਮਿਲਣ ਜਾ ਰਹੇ ਹਨ । ਇਹਨਾਂ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੇ ਪਤਾ ਲੱਗੇਗਾ । ਫ਼ਿਲਮ ਰਿਲੀਜ਼ ਹੋਵੇਗੀ 27 ਸਤੰਬਰ 2019 ਨੂੰ ਜਿਸ ਨੂੰ ਦੁਨੀਆ ਭਰ ਵਿੱਚ ‘ ਬਰੈਂਡ ਬੀ ਸਟੂਡੀਓਜ ‘ ਵੱਲੋ ਰਿਲੀਜ਼ ਕੀਤਾ ਜਾਵੇਗਾ ।