ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਫ਼ਿਲਮ ‘ ਨੌਕਰ ਵਹੁਟੀ ਦਾ ‘ ਦਾ ਟ੍ਰੇਲਰ ਹੋਇਆ ਰਿਲੀਜ਼ ।ਲੋਕ ਦੇ ਰਹੇ ਨੇ ਭਰਵਾਂ ਹੁੰਗਾਰਾ

ਪਾਲੀਵੁੱਡ ਦਾ ਚਮਕਦਾ ਸਿਤਾਰਾ ਬਿੰਨੂ ਢਿੱਲੋਂ ਜੋ ਹਮੇਸ਼ਾ ਦਰਸ਼ਕਾਂ ਨੂੰ ਆਪਣੇ ਅੰਦਾਜ਼ ਤੇ ਐਕਟਿੰਗ ਨਾਲ ਖੁਸ਼ ਰੱਖਦਾ ਹੈ , ਇੱਕ ਵਾਰ ਫਿਰ ਆਪਣੀ ਨਵੀਂ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ । ਬਿੰਨੂ ਢਿੱਲੋਂ ਦੀ ਇਸ ਨਵੀਂ ਫ਼ਿਲਮ ਦਾ ਨਾਮ ਹੈ ‘ ਨੌਕਰ ਵਹੁਟੀ ਦਾ ‘ ਜਿਸ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ । ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਕਿ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
ਰੰਗਰੇਜ਼ਾਂ ਫ਼ਿਲਮ ਤੇ ਓਮਜੀ ਗਰੁੱਪ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸਮੀਪ ਕੰਗ ਦੁਆਰਾ ਡਾਇਰੈਕਟ ਕੀਤਾ ਗਿਆ ਹੈ । ਫ਼ਿਲਮ ‘ ਨੌਕਰ ਵਹੁਟੀ ਦਾ ‘ ਨੂੰ ਰੋਹਿਤ ਕੁਮਾਰ,  ਸੰਜੀਵ ਕੁਮਾਰ,  ਰੁਚੀ ਤ੍ਰਿਹਾਨ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਪੰਕਜ ਤ੍ਰਿਹਾਨ ਇਸ ਫ਼ਿਲਮ ਦੇ ਸਹਿ-ਨਿਰਮਾਤਾ ਹਨ । ਫ਼ਿਲਮ ਦੀ ਕਹਾਣੀ ਵੈਭਵ ਅਤੇ ਸ਼੍ਰੇਆ ਵੱਲੋਂ ਲਿਖੀ ਗਈ ਹੈ । ਫ਼ਿਲਮ ਵਿੱਚ ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਮੁੱਖ ਭੂਮਿਕਾ ਨਿਭਾ ਰਹੇ ਨੇ ।
ਫ਼ਿਲਮ ਵਿੱਚ ਬਿੰਨੂ ਤੇ ਕੁਲਰਾਜ ਤੋਂ ਇਲਾਵਾ ਗੁਰਪ੍ਰੀਤ ਘੁੱਗੀ,  ਜਸਵਿੰਦਰ ਭੱਲਾ, ਪ੍ਰੀਤ ਆਨੰਦ, ਉਪਾਸਨਾ ਸਿੰਘ ਅਤੇ ਰੁਪਿੰਦਰ ਰੂਪੀ ਵੀ ਆਪਣੀ ਅਦਾਕਾਰੀ ਨਿਭਾ ਰਹੇ ਨੇ ।
ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਇਹ ਇੱਕ ਅਜਿਹੇ ਵਿਆਹੇ ਜੋੜੇ ਦੀ ਕਹਾਣੀ ਹੈ ਜੋ ਆਪਣੇ ਰਿਸ਼ਤੇ ਵਿਚਲੀਆਂ ਕਰਵਾਹਟਾਂ ਕਾਰਨ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਨੇ । ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਬਿੰਨੂ ਤੇ ਕੁਲਰਾਜ ਦੀ ਇੱਕ ਪਿਆਰੀ ਜਿਹੀ ਬੱਚੀ ਵੀ ਹੈ ਜੋ ਆਪਣੇ ਮਾਂ ਬਾਪ ਦੀਆਂ ਲੜਾਈਆਂ ਨੂੰ ਸੁਲਝਾਉਣ ਦਾ ਪੂਰਾ ਯਤਨ ਕਰਦੀ ਹੈ ਤੇ ਉਨ੍ਹਾਂ ਦੇ ਅਲੱਗ ਹੋਣ ਕਾਰਨ ਉਦਾਸ ਰਹਿੰਦੀ ਹੈ ।  ਦੂਜੇ ਪਾਸੇ ਬਿਨੂੰ ਆਪਣੀ ਧੀ ਨੂੰ ਮਿਲਣ ਲਈ ( ਜੋ ਕਿ ਆਪਣੀ ਮਾਂ ਕੋਲ ਰਹਿੰਦੀ ਹੈ ) ਡਰਾਈਵਰ ਦੇ ਰੂਪ ਵਿੱਚ ਆਪਣੇ ਸਹੁਰੇ ਘਰ ਚਲਾ ਜਾਂਦਾ ਹੈ ਤੇ ਉੱਥੇ ਡਰਾਈਵਰ ਦੀ ਨੌਕਰੀ ਕਰਦਾ ਹੈ ।
ਟ੍ਰੇਲਰ ਵਿੱਚ ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਪੀ, ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਦੇ ਫ਼ਿਲਮ ਵਿਚਲੇ ਰੋਲ ਨੂੰ ਵੀ ਦਿਖਾਇਆ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਕਾਮੇਡੀ ਨਾਲ ਭਰਪੂਰ ਨੇ ਤੇ ਦਰਸ਼ਕਾਂ ਨੂੰ ਹਸਾਉਣ ਵਾਲੇ ਨੇ ।
‘ ਨੌਕਰ ਵਹੁਟੀ ਦਾ ‘ ਦੇ ਟ੍ਰੇਲਰ ਤੋਂ ਫ਼ਿਲਮ ਦੀ ਕਹਾਣੀ ਤੇ ਸੰਕਲਪ ਨੂੰ ਸਾਫ਼ ਤਰੀਕੇ ਨਾਲ ਦਿਖਾਇਆ ਗਿਆ ਹੈ । ਹਸਦੇ ਵਸਦੇ ਪਰਿਵਾਰ ਵਿੱਚ ਕੁਝ ਲੜਾਈ ਝਗੜੇ ਕਾਰਨ ਆਈਆਂ ਦਰਾਰਾਂ ਜਾਂ ਗਲਤ ਫਹਿਮੀਆਂ ਨੂੰ ਬਿੰਨੂ ਢਿੱਲੋਂ ਕਿਸ ਤਰੀਕੇ ਨਾਲ ਖ਼ਤਮ ਕਰਦਾ ਹੈ ਤੇ ਆਪਣੇ ਖੂਬਸੂਰਤ ਪਰਿਵਾਰ ਨੂੰ ਕਿਸ ਤਰ੍ਹਾਂ ਇੱਕ ਕਰਦਾ ਹੈ ਇਹ ਤਾਂ ਹੁਣ 23 ਅਗਸਤ ਨੂੰ ਫ਼ਿਲਮ ਦੇ ਰਿਲੀਜ਼ ਹੋਣ ਤੇ ਹੀ ਪਤਾ ਲੱਗੇਗਾ ।

Comments

comments