ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਐਕਸ਼ਨ ਹੀਰੋ ਦੇਵ ਖਰੌਦ ਆਪਣੇ ਦਰਸ਼ਕਾਂ ਲਈ ਇਕ ਤੋਂ ਬਾਅਦ ਇੱਕ ਫ਼ਿਲਮ ਪੇਸ਼ ਕਰ ਰਿਹਾ ਹੈ । ਫ਼ਿਲਮ ‘ ਬਲੈਕੀਆ ‘ ਦੀ ਕਾਮਜਾਬੀ ਤੋਂ ਬਾਅਦ ਹੁਣ ਦੇਵ ਫ਼ਿਲਮ ‘ ਡੀ ਐਸ ਪੀ ਦੇਵ ‘ ਨਾਲ ਦਰਸ਼ਕਾਂ ਦੇ ਰੂਬਰੂ ਹੋਇਆ ਹੈ ਜੋ ਕਿ 5 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ । ਫ਼ਿਲਮ ‘ ਡੀ ਐਸ ਪੀ ਦੇਵ ‘ ਵਿਚ ਦੇਵ ਖਰੌਦ ਅਤੇ ਮਹਿਰੀਨ ਪੀਰਜ਼ਾਦਾ ਮੁੱਖ ਭੂਮਿਕਾ ਵਿਚ ਨਜ਼ਰ ਆ ਰਹੇ ਨੇ । ਮਹਿਰੀਨ ਪੀਰਜ਼ਾਦਾ ਨੇ ਇਸ ਫ਼ਿਲਮ ਰਾਹੀਂ ਪੋਲੀਵੁਡ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਹੈ ।
ਡ੍ਰੀਮ ਰਿਆਲਿਟੀ ਮੂਵੀਜ਼ ਅਤੇ ਵਾਇਟ ਹਿੱਲ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਇਸ ਫਿਲਮ ਨੂੰ ਮਨਦੀਪ ਬੈਨੀਪਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜਦਕਿ ਰਵਨੀਤ ਕੌਰ ਚਾਹਲ ਅਤੇ ਰਾਜੇਸ਼ ਕੁਮਾਰ ਫਿਲਮ ‘ ਡੀਐੱਸਪੀ ਦੇਵ ‘ ਦੇ ਪ੍ਰੋਡਿਊਸਰ ਹਨ । ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਹੈ ਜਦਕਿ ਇਸ ਦੇ ਡਾਇਲਾਗ ਗੁਰਪ੍ਰੀਤ ਭੁੱਲਰ ਵੱਲੋਂ ਦਿੱਤੇ ਗਏ ਨੇ । ਫ਼ਿਲਮ ਵਿੱਚ ਦੇਵ ਖਰੌੜ ਅਤੇ ਮਹਿਰੀਨ ਪੀਰਜ਼ਾਦਾ ਤੋਂ ਇਲਾਵਾ , ਮਾਨਵ ਵਿੱਜ, ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਸਵਿੰਦਰ ਮਹਿਲ, ਨੀਤਾ ਮਹਿੰਦਰਾ, ਤਰਸੇਮ ਪਾਲ, ਲੱਖਾ ਲਹਿਰੀ, ਮਹਾਂਵੀਰ ਭੁੱਲਰ, ਸੁਖਵਿੰਦਰ ਰਾਜ ਅਤੇ ਰਾਮ ਔਜਲਾ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ ।
ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਦੇਵ ਦੀ ਪਿਤਾ ਇੱਕ ਇਮਾਨਦਾਰ ਡੀ ਐਸ ਪੀ ਨੇ ਤੇ ਦੇਵ ਨੂੰ ਵੀ ਇਮਾਨਦਾਰੀ ਦੇ ਰਾਹ ਤੇ ਚਲਾਉਣਾ ਚਾਹੁੰਦੇ ਨੇ । ਫ਼ਿਲਮ ਦੀ ਪੂਰੀ ਕਹਾਣੀ ਪੰਜਾਬ ਪੁਲਿਸ ਤੇ ਨਿਰਭਰ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਦੋ ਚਿਹਰੇ ਵਿਖਾਈ ਨੇ ਜਿਹਨਾਂ ਵਿੱਚ ਬੇਈਮਾਨੀ ਤੇ ਇਮਾਨਦਾਰੀ ਦੇ ਦੋਨੋ ਚਿਹਰੇ ਬਾਖੂਬੀ ਦਿਖਾਏ ਨੇ । ਫ਼ਿਲਮ ਦੀ ਕਹਾਣੀ ਦੀ ਸ਼ੁਰੂਆਤ ਫਿਰੋਜ਼ਪੁਰ ਦੇ ਇਕ ਜਿਹੇ ਪਿੰਡ ਤੋਂ ਹੁੰਦੀ ਹੈ ਜਿੱਥੇ ਪੂਰੇ ਪਿੰਡ ਦੇ ਲੋਕ ਨਸ਼ਾ ਤਸਕਰੀ ਵਿੱਚ ਲੱਗੇ ਹੋਏ ਨੇ ਤੇ ਨਾਜਾਇਜ਼ ਸ਼ਰਾਬ ਕੱਢੀ ਜਾਂਦੀ ਹੈ । ਇਨ੍ਹਾਂ ਲੋਕਾਂ ਦੇ ਸਿਰਾਂ ਤੇ ਹਲਕੇ ਦੇ ਐਮ ਐਲ ਏ ਤੇ ਪੁਲਿਸ ਦਾ ਪੂਰਾ ਸਹਿਯੋਗ ਹੋਣ ਕਰਕੇ ਨਸ਼ੇ ਦੀ ਰੋਕਥਾਮ ਨਹੀਂ ਹੋ ਰਹੀ । ਫ਼ਿਲਮ ਵਿੱਚ ਨਸ਼ੇ , ਨਾਜਾਇਜ਼ ਧੰਦੇ , ਵੋਟਾਂ ਤੇ ਬੇਈਮਾਨੀ ਨੂੰ ਸਾਫ ਦਿਖਾਇਆ ਗਿਆ ਹੈ ਤੇ ਬਹੁਤ ਸੋਹਣਾ ਮੁੱਦਾ ਇਸ ਫ਼ਿਲਮ ਰਾਹੀਂ ਚੁਕਿਆ ਹੈ ।
ਅਦਾਕਾਰੀ ਦੀ ਗੱਲ ਕਰੀਏ ਤਾਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਵਾਰ ਵੀ ਦੇਵ ਖਰੌਦ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ । ਦੇਵ ਦੀ ਮਾਂ ਦੇ ਰੋਲ ਵਿੱਚ ਰਹੇ ਨੀਤਾ ਮਹਿੰਦਰਾ ਨੇ ਵੀ ਆਪਣੇ ਕਿਰਦਾਰ ਬਾਖੂਬੀ ਨਿਭਾਇਆ ਹੈ ਤੇ ਨਾਲ ਹੀ ਪਿਤਾ ਦੇ ਰੋਲ ਵਿੱਚ ਰਹੇ ਸ਼ਮਿੰਦਰ ਮਹਿਲ ਨੇ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਹੈ । ਅਮਨ ਧਾਲੀਵਾਲ, ਲੱਖਾ ਲਹਿਰੀ ਅਤੇ ਸੁੱਖੀ ਪਾਤੜਾਂ ਦੀ ਆਪਣੇ ਆਪਣੇ ਕਿਰਦਾਰ ਨਾਲ ਦਰਸ਼ਕਾਂ ਨੂੰ ਖੁਸ਼ ਕੀਤਾ ਹੈ । ਗੱਲ ਕਰੀਏ ਫ਼ਿਲਮ ਦੇ ਵਿਲਣ ਦੀ ਤਾਂ ਮਾਨਵ ਵਿਜ ਦੁਵਾਰਾ ਨਿਭਾਏ ਰੋਲ ਨੇ ਫ਼ਿਲਮ ਨੂੰ ਹੋਰ ਸੋਹਣਾ ਬਣਾ ਦਿੱਤਾ ਹੈ ਕਿਉਂਕਿ ਮਾਨਵ ਵਿਜ ਦੀ ਅਦਾਕਾਰੀ ਆਪਣੇ ਆਪ ਵਿੱਚ ਇੱਕ ਅਦਾਕਾਰੀ ਦਾ ਸੱਚ ਬਿਆਨ ਕਰ ਰਹੀ ਹੈ ਜੋ ਕਿ ਪੰਜਾਬੀ ਸਿਨੇਮਾ ਲਈ ਬਹੁਤ ਵੱਡੀ ਕਾਮਜਾਬੀ ਹੈ ।
ਫ਼ਿਲਮ ‘ ਡੀ ਐਸ ਪੀ ਦੇਵ ‘ ਦੇਵ ਦੀਆਂ ਦੂਜੀਆਂ ਫ਼ਿਲਮਾਂ ਦੀ ਤਰ੍ਹਾਂ ਹੀ ਦਰਸ਼ਕਾਂ ਦੀਆਂ ਆਸਾਂ ਤੇ ਖਰੀ ਉੱਤਰ ਰਹੀ ਹੈ । ਦਰਸ਼ਕਾਂ ਵਲੋਂ ਫ਼ਿਲਮ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਐਕਸ਼ਨ, ਕਾਮੇਡੀ , ਰੋਮਾਂਸ ਤੇ ਲੋੜੀਂਦੇ ਸੰਕਲਪ ਦੀ ਇਸ ਫ਼ਿਲਮ ਰਾਹੀਂ ਪੰਜਾਬੀ ਸਿਨੇਮਾਂ ਦੀ ਨੀਂਹ ਹੋਰ ਮਜਬੂਤ ਹੋ ਚੁੱਕੀ ਹੈ ।