ਪੰਜਾਬੀ ਫ਼ਿਲਮ ਇੰਡਸਟਰੀ ਅੱਜਕਲ੍ਹ ਤਰੱਕੀ ਦੇ ਰਾਹਾਂ ਤੇ ਹੈ ਜੋ ਹਰ ਹਫ਼ਤੇ ਦਰਸ਼ਕਾਂ ਨੂੰ ਇੱਕ ਵਧੀਆ ਤੇ ਅਰਥਪੂਰਵਕ ਫ਼ਿਲਮ ਦਿੰਦੀ ਹੈ । ਫ਼ਿਲਮਾਂ ਦੀ ਇਸ ਦੌੜ ਵਿੱਚ ਬਹੁਤ ਪੰਜਾਬੀ ਫ਼ਿਲਮਾਂ ਨੇ ਬੁਲੰਦੀਆਂ ਨੂੰ ਸ਼ੂਹਦੇ ਹੋਏ ਆਪਣਾ ਅਹਿਮ ਸਥਾਨ ਹਾਸਲ ਕੀਤਾ ਹੈ । ਇਸੇ ਹੀ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਨੇ 14 ਫਰਵਰੀ 2019 ਨੂੰ ‘ ਵੈਲਨਟਾਇਨਜ਼ ਡੇ ‘ ਤੇ ਦਰਸ਼ਕਾਂ ਲਈ ਇੱਕ ਹੋਰ ਫ਼ਿਲਮ ‘ ਕਾਲਾ ਸ਼ਾਹ ਕਾਲਾ ‘ ਦੇ ਰੂਪ ਵਜੋਂ ਪੇਸ਼ ਕੀਤੀ ਹੈ । ਪਿਆਰ ਦੀ ਇਸ ਫ਼ਿਲਮ ਵਿੱਚ ਪਿੱਛਲੀਆਂ ਫ਼ਿਲਮਾਂ ਦੀ ਤਰ੍ਹਾਂ ਮਨੋਰੰਜਨ ਦੇ ਨਾਲ ਨਾਲ ਵਧੀਆ ਸੰਦੇਸ਼ ਵੀ ਦਿੱਤਾ ਗਿਆ ਹੈ ਤੇ ਨਾਲ ਹੀ ਇੰਡਸਟਰੀ ਨੂੰ ਇੱਕ ਨਵੀਂ ਜੋੜੀ ਵੀ ਦਿੱਤੀ ਹੈ ।
ਫ਼ਿਲਮ ‘ ਕਾਲਾ ਸ਼ਾਹ ਕਾਲਾ ‘ ਵਿੱਚ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ । ਇਹ ਜੋੜੀ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਇਕੱਠਿਆਂ ਨਜ਼ਰ ਆ ਰਹੀ ਹੈ । ਜ਼ੀ ਸਟੂਡੀਓਸ, ਨੋਉਟੀ ਮੈਨ ਪ੍ਰੋਡਕਸ਼ਨ ਤੇ ਇੰਫੈਂਟਰੀ ਪਿਕਚਰਸ ਵਲੋਂ ਪੇਸ਼ ਕੀਤੀ ਇਸ ਫ਼ਿਲਮ ਨੂੰ ਅਮਰਜੀਤ ਸਿੰਘ ਦੁਵਾਰਾ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ । ਇਹ ਫ਼ਿਲਮ ਹਰਸਿਮਰਨ ਢਿੱਲੋਂ, ਜੀ ਐਸ ਢਿੱਲੋਂ ,ਨਵਨੀਅਤ ਸਿੰਘ, ਆਂਚਲ ਕੌਸ਼ਲ,ਕਰਨ ਸੋਨੀ ਤੇ ਬਿੰਨੂ ਢਿੱਲੋਂ ਦੁਵਾਰਾ ਪ੍ਰੋਡਿਊਸ ਕੀਤੀ ਗਈ ਹੈ । ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਤੋਂ ਇਲਾਵਾ ਇਸ ਫ਼ਿਲਮ ਵਿੱਚ ਜਾਰਡਨ ਸੰਧੂ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਬੀ ਐਨ ਸ਼ਰਮਾ, ਗੁਰਮੀਤ ਸਾਜਨ, ਅਨੀਤਾ ਦੇਵਗਨ ਤੇ ਸ਼ਹਿਨਾਜ਼ ਗਿੱਲ ਵੀ ਨਜ਼ਰ ਆ ਰਹੇ ਨੇ ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਾਣੀ ਇੱਕ ਕਾਲੇ ਰੰਗ ਦੇ ਮੁੰਡੇ ਦੀ ਹੈ ਜਿਸ ਦਾ ਕਿਰਦਾਰ ਬਿੰਨੂ ਢਿੱਲੋਂ ਵਲੋਂ ਨਿਭਾਇਆ ਜਾ ਰਿਹਾ ਹੈ । ਬਿੰਨੂ ਢਿੱਲੋਂ ਦੇ ਕਾਲੇ ਰੰਗ ਕਰਕੇ ਉਸਦੇ ਵਿਆਹ ਵਿਚ ਅੜਚਨਾਂ ਪੈਦਾ ਹੁੰਦੀਆਂ ਹਨ ਪਰ ਉਸਦੇ ਮਿਹਨਤੀ ਸੁਭਾਹ ਕਾਰਨ ਸਰਗੁਣ ਮਹਿਤਾ ਦੇ ਪਿਤਾ ( ਜਿਹਨਾਂ ਦਾ ਕਿਰਦਾਰ ਬੀ ਐਨ ਸ਼ਰਮਾ ਵਲੋਂ ਨਿਬਾਇਆ ਜਾ ਰਿਹਾ ਹੈ ) ਨੂੰ ਬਿੰਨੂ ਢਿੱਲੋਂ ਪਸੰਦ ਆ ਜਾਂਦੇ ਹਨ ਤੇ ਉਹ ਆਪਣੀ ਧੀ ਦਾ ਰਿਸ਼ਤਾ ਬਿੰਨੂ ਨਾਲ ਪੱਕਾ ਕਰ ਦਿੰਦੇ ਹਨ । ਪਰ ਇਸ ਰਿਸ਼ਤੇ ਤੋਂ ਸਰਗੁਣ ਮਹਿਤਾ ਬਿਲਕੁਲ ਖੁਸ਼ ਨਹੀਂ ਹੁੰਦੀ ਕਿਉਂਕਿ ਉਹ ਜੋਰਡਨ ਸੰਧੂ ਨੂੰ ਪਿਆਰ ਕਰਦੀ ਹੈ ਤੇ ਜੋਰਡਨ ਵੀ ਉਸ ਨੂੰ ਪਿਆਰ ਕਰਦਾ ਹੈ ਪਰ ਕਿਵੇਂ ਨਾ ਕਿਵੇਂ ਬਿੰਨੂ ਤੇ ਸਰਗੁਣ ਦਾ ਵਿਆਹ ਹੋ ਜਾਂਦਾ ਹੈ ।
ਬਿੰਨੂ ਤੇ ਸਰਗੁਣ ਦੇ ਵਿਆਹ ਦੀਆਂ ਪੀਪਣੀਆਂ ਤਾਂ ਫ਼ਿਲਮ ਦੇ ਪਹਿਲੇ ਅੱਧ ਵਿੱਚ ਹੀ ਵੱਜ ਜਾਂਦੀਆਂ ਨੇ ਤੇ ਫ਼ਿਲਮ ਦੇ ਅਗਲੇ ਅੱਧ ਤੋਂ ਸ਼ੁਰੂ ਹੁੰਦਾ ਹੈ ਸਰਗੁਣ ਦਾ ਬਿੰਨੂ ਨਾਲ ਵਿਆਹ ਦਾ ਸਫ਼ਰ ਜਿਸ ਵਿੱਚ ਸਰਗੁਣ ਬਿਲਕੁਲ ਵੀ ਖੁਸ਼ ਨਹੀਂ ਹੈ । ਬਿੰਨੂ ਢਿੱਲੋਂ ਤੇ ਉਸਦਾ ਪਰਿਵਾਰ ਸਰਗੁਣ ਮਹਿਤਾ ਨੂੰ ਖੁਸ਼ ਰੱਖਣ ਵਿੱਚ ਕਾਮਜਾਬ ਹੁੰਦੇ ਨੇ ਜਾ ਨਹੀਂ ਇਹ ਦੇਖਣ ਲਈ ਤੁਹਾਨੂੰ ਸਿਨੇਮਾਘਰਾਂ ਵਿੱਚ ਜਾਣਾ ਪਵੇਗਾ ਪਰ ਇਥੇ ਤੁਹਾਨੂੰ ਇਹ ਦਸਣਾ ਚਾਹਾਂਗੇ ਕਿ ਇਸ ਫ਼ਿਲਮ ਵਿੱਚ ਕਾਲੇ ਗੋਰੇ ਰੰਗ ਵਿਚਲੇ ਭੇਦਭਾਵ ਤੇ ਅੰਧਵਿਸ਼ਵਾਸ਼ ਬਾਰੇ ਖ਼ਾਸ ਸੰਦੇਸ਼ ਦਿੱਤਾ ਗਿਆ ਹੈ ।
ਜੇ ਗੱਲ ਕਰੀਏ ਅਦਾਕਾਰੀ ਦੀ ਤਾਂ ਬਿੰਨੂ ਤੇ ਸਰਗੁਣ ਇੱਕ ਬੇਹਤਰੀਨ ਅਦਾਕਾਰ ਨੇ ਤੇ ਇਸ ਫ਼ਿਲਮ ਵਿੱਚ ਵੀ ਓਹਨਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਨੇ । ਕਾਮੇਡੀ ਸਟਾਰ ਬਿੰਨੂ ਢਿੱਲੋਂ ਲਈ ਜਿਥੇ ਕਾਮੇਡੀ ਕਰਨਾ ਓਹਨਾ ਦੇ ਸੁਭਾਹ ਵਿੱਚ ਹੈ ਓਥੇ ਹੀ ਇਸ ਫ਼ਿਲਮ ਵਿੱਚ ਭਾਵਨਾਤਮਕ ਭੂਮਿਕਾ ਨਿਭਾ ਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਕਿਰਦਾਰ ਵਿੱਚ ਬਾਖੂਬੀ ਢੱਲ ਸਕਦੇ ਨੇ । ਕਾਮੇਡੀ ਨਾਲ ਭਰਭੂਰ ਇਸ ਫ਼ਿਲਮ ਵਿੱਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਬੀ ਐਨ ਸ਼ਰਮਾ, ਗੁਰਮੀਤ ਸਾਜਨ, ਅਨੀਤਾ ਦੇਵਗਨ ਨੇ ਆਪਣੀ ਅਦਾਕਾਰੀ ਨੂੰ ਕਾਇਮ ਰੱਖਦੇ ਹੋਏ ਫ਼ਿਲਮ ਵਿਚਲੀ ਕਹਾਣੀ ਤੇ ਕਾਮੇਡੀ ਨਾਲ ਦਰਸ਼ਕਾਂ ਨੂੰ ਫ਼ਿਲਮ ਨਾਲ ਬੰਨੀ ਰੱਖਿਆ । ‘ ਕਾਲਾ ਸ਼ਾਹ ਕਾਲਾ ‘ ਫ਼ਿਲਮ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਧਰਨ ਵਾਲੀ ਸ਼ਹਿਨਾਜ਼ ਗਿੱਲ ਦੀ ਅਦਾਕਾਰੀ ਬਾਕਮਾਲ ਹੈ । ਓਹਨਾ ਵਲੋਂ ਸਰਗੁਣ ਮਹਿਤਾ ਦੀ ਸਹੇਲੀ ਦਾ ਰੋਲ ਅਦਾ ਕੀਤਾ ਗਿਆ ਹੈ ਜਿਸ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ‘ ਕਾਕੇ ਦਾ ਵਿਆਹ ‘ ਵਿੱਚ ਮੁੱਖ ਭੂਮਿਕਾ ਨਿਬਾਉਣ ਵਾਲੇ ਜੋਰਡਨ ਸੰਧੂ ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ਉਹ ਕੁਝ ਖਾਸ ਨਹੀਂ ਸੀ । ‘ ਕਾਲਾ ਸ਼ਾਹ ਕਾਲਾ ‘ ਫ਼ਿਲਮ ਵਿੱਚ ਉਹ ਆਪਣੇ ਕਿਰਦਾਰ ਵਿੱਚ ਫਿੱਟ ਬੈਠੇ ਨਜ਼ਰ ਨਹੀਂ ਆਏ, ਅਜਿਹੇ ਕਿਰਦਾਰ ਕਰਨ ਲਈ ਓਹਨਾ ਨੂੰ ਥੋੜੀ ਮਿਹਨਤ ਦੀ ਲੋੜ ਹੈ ।
ਬਾਕੀ ਕੁੱਲ ਮਿਲਾਕੇ ਫ਼ਿਲਮ ਦੀ ਕਹਾਣੀ, ਸਕ੍ਰੀਨਪਲੇ, ਡਿਰੇਕਸ਼ਨ ਆਦਿ ਸਭ ਤੇ ਬਾਰੀਕੀ ਨਾਲ ਕੰਮ ਕੀਤਾ ਗਿਆ ਹੈ ਜੋ ਇਸ ਫ਼ਿਲਮ ਵਿੱਚ ਸਾਫ਼ ਝਲਕ ਰਿਹਾ ਹੈ । ਜੇ ਤੁਸੀਂ ਬੇਹਤਰੀਨ ਅਦਾਕਾਰੀ, ਕਾਮੇਡੀ, ਪਿਆਰ ਤੇ ਇਕ ਵਧੀਆ ਸੁਨੇਹੇ ਵਾਲੀ ਫ਼ਿਲਮ ਦੇਖਣੀ ਚਾਉਂਦੇ ਹੋ ਤਾਂ ਤੁਸੀਂ ਇਹ ਫ਼ਿਲਮ ਜਰੂਰ ਦੇਖਣ ਜਾਓ ਤੇ ਆਪਣਾ ਵੈਲੇਨਟਾਈਨ ਸਪੈਸ਼ਲ ਬਣਾਉ ।