ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦਾਕਾਰ ਫ਼ਿਲਮ ‘ ਚੱਲ ਮੇਰਾ ਪੁੱਤ ‘ ਰਾਹੀਂ ਦਰਸ਼ਕਾਂ ਲਈ ਲੈ ਕੇ ਆ ਰਹੇ ਨੇ ਖੂਬਸੂਰਤ ਤੋਹਫ਼ਾ ।

ਭਾਰਤ ਪਾਕਿਸਤਾਨ ਵੰਡ ਨਾਲ ਜ਼ਮੀਨਾਂ ਦੇ ਚਾਹੇ ਦੋ ਟੁਕੜੇ ਹੋ ਗਏ ਪਰ ਜ਼ਮੀਰਾਂ ਦੇ ਟੁਕੜੇ ਨਹੀਂ ਹੋ ਸਕੇ ।ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਵਿਚਕਾਰ ਅਜੇ ਵੀ ਇਕ ਦੂਸਰੇ ਲਈ ਪਿਆਰ ਤੇ ਸਤਿਕਾਰ ਵਸਦਾ ਹੈ । ਇਹਨਾਂ ਦੋਵਾਂ ਦੇਸ਼ਾਂ ਵਿੱਚਲੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਭਾਈਵਾਲ ਆਪਣੀ ਹਰ ਪ੍ਰਕਾਰ ਦੀ ਕੋਸ਼ਿਸ਼ ਕਰ ਰਹੇ ਨੇ । ਇਸੇ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਵੀ ਇਸੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਪੰਜਾਬੀ ਫ਼ਿਲਮ ਰਾਹੀਂ ਆਪਣਾ ਯੋਗਦਾਨ ਪਾਉਂਦੀ ਰਹੀ ਹੈ ਅਤੇ ਹੁਣ ਵੀ ਇਸੇ ਸਾਂਝ ਨੂੰ ਬਰਕਰਾਰ ਰੱਖਦਿਆਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦਾਕਾਰ ਇਕੱਠੇ ਆਪਣੀ ਅਦਾਕਾਰੀ ਦੀ ਮਿਸਾਲ ਕਾਇਮ ਕਰਨ ਆ ਰਹੇ ਨੇ ਪੰਜਾਬੀ ਫ਼ਿਲਮ ਰਾਹੀਂ ਜਿਸ ਦਾ ਨਾਮ ਹੈ ‘ ਚੱਲ ਮੇਰਾ ਪੁੱਤ ‘ ।

ਫ਼ਿਲਮ ‘ ਚੱਲ ਮੇਰਾ ਪੁੱਤ ‘ ਦੀ ਜਾਣਕਾਰੀ ਸੋਸ਼ਲ ਮੀਡਿਆ ਰਾਹੀਂ ਦਰਸ਼ਕਾਂ ਦੇ ਸਾਹਮਣੇ ਆਈ ਹੈ ਜਿਸ ਵਿੱਚ ਅਮਰਿੰਦਰ ਗਿੱਲ , ਗੁਰਸ਼ਬਦ ,ਇਫ਼ਤਿਖ਼ਾਰ ਠਾਕੁਰ , ਨਾਸਿਰ ਚਿਣਯੋਤੀ, ਅਕਰਮ ਉਦਾਸ ਇਕੱਠੇ ਖੜ੍ਹੇ ਨਜ਼ਰ ਆ ਰਹੇ ਨੇ । ਰਿਦਮ ਬੋਇਜ਼ ਵਲੋਂ ਪੇਸ਼ ਕੀਤੀ ਜਾਨ ਵਾਲੀ ਇਸ ਫ਼ਿਲਮ ਦਾ ਟਾਈਟਲ ਦਰਸ਼ਕਾਂ ਨੂੰ  ਬਹੁਤ ਪਸੰਦ ਆ ਰਿਹਾ ਹੈ ਅਤੇ ਸਾਰੇ ਹੀ ਦਰਸ਼ਕ ਜੋ ਦੋਨਾਂ ਪੰਜਾਬਾਂ ਨੂੰ ਪਿਆਰ ਕਰਦੇ ਹਨ ਇਸ ਫ਼ਿਲਮ ਲਈ ਬਹੁਤ ਉਤਾਵਲੇ ਨਜ਼ਰ ਆ ਰਹੇ ਹਨ ।

ਅਮਰਿੰਦਰ ਗਿੱਲ ਅੱਜਕਲ੍ਹ ਆਪਣੀਆਂ ਸਾਰੀਆਂ ਫ਼ਿਲਮਾਂ ਦੀ ਅਨਾਉਂਸਮੈਂਟ ਫ਼ਿਲਮ ਦੀ ਰਿਲੀਜ਼ਿੰਗ ਤਾਰੀਕ ਤੋਂ ਕੁਝ ਸਮਾਂ ਪਹਿਲਾਂ ਹੀ ਕਰਦੇ ਨੇ । ਫ਼ਿਲਮ ‘ ਚੱਲ ਮੇਰਾ ਪੁੱਤ ‘ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਇੱਕ ਹੋਰ ਫ਼ਿਲਮ ‘ ਲਈਏ ਜੇ ਯਾਰੀਆਂ ‘ ਵੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਤੇ ਉਸਤੋਂ ਬਾਅਦ ਹੀ ਅਮਰਿੰਦਰ ਆਪਣੀ ਅਗਲੀ ਫ਼ਿਲਮ ਨਾਲ ਦਰਸ਼ਕਾਂ ਸਾਹਮਣੇ ਆਉਣ ਲਈ ਤਿਆਰ ਨੇ । ਸਿਰਲੇਖ ‘ ਚੱਲ ਮੇਰਾ ਪੁੱਤ ‘ ਤੋਂ ਹੀ ਫ਼ਿਲਮ ਦੀ ਕਹਾਣੀ ਵਿਚਲੀ ਕਾਮੇਡੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ।

ਜੇ ਗੱਲ ਕਰੀਏ ਪਾਕਿਸਤਾਨੀ ਅਦਾਕਾਰਾਂ ਦੀ ਤਾਂ ਸੋਸ਼ਲ ਮੀਡਿਆ ਜਾ ਗਾਣਿਆਂ ਵਿਚਕਾਰ ਆਮ ਹੀ ਇਹਨਾਂ ਅਦਾਕਾਰਾਂ ਦੇ ਡਾਇਲੋਗ ਬੋਲੇ ਜਾਨ ਲਗੇ ਹਨ ਜਿਹਨਾਂ ਵਿੱਚੋ ‘ ਅੰਨੀ ਦਿਆ ਮਜਾਕ ਏ ‘ ਕਾਫੀ ਹਿੱਟ ਹੋਇਆ ਹੈ ਤੇ ਮਜਾਕ ਦੇ ਰੂਪ ਵਿੱਚ ਆਮ ਜ਼ਿੰਦਗੀ ਵਿੱਚ ਵੀ ਬੋਲਿਆ ਜਾਨ ਲੱਗਿਆ ਹੈ । ਪਾਕਿਸਤਾਨੀ ਕਾਮੇਡੀ ਨੂੰ ਹਰ ਪਾਸੇ ਤੋਂ ਹਮੇਸ਼ਾ ਹੀ ਬਹੁਤ ਸਲਾਇਆ ਗਿਆ ਹੈ ਤੇ ਖ਼ਾਸ ਤੋਰ ਤੇ ਪਾਕਿਸਤਾਨੀ ਸਟੇਜ ਕਾਮੇਡੀ ਦੁਨੀਆ ਭਰ ਵਿੱਚ ਮਸ਼ਹੂਰ ਹੈ । ਇਸੇ ਮਸ਼ਹੂਰ ਕਾਮੇਡੀ ਦੇ ਸਿਤਾਰੇ ਇਸ ਫ਼ਿਲਮ ਵਿੱਚ ਕੰਮ ਕਰਦੇ ਨਜ਼ਰ ਆਉਣਗੇ । ਫ਼ਿਲਮ ‘ ਚੱਲ ਮੇਰਾ ਪੁੱਤ ‘ ਇਸੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫਿਲਹਾਲ ਫ਼ਿਲਮ ਬਾਰੇ ਇੰਨੀ ਕੁ ਜਾਣਕਾਰੀ ਹੀ ਸਾਂਝੀ ਕੀਤੀ ਗਈ ਹੈ ਪਰ ਫ਼ਿਲਮ ਦੀ ਅਗੇਤਰੀ ਜਾਣਕਾਰੀ ਵੀ ਜਲਦ ਹੀ ਮਿਲ ਜਾਵੇਗੀ ।

Chal Mera Putt Amrinder Gill
Chal Mera Putt Amrinder Gill

Comments

comments

Post Author: Jasdeep Singh Rattan