ਓ ਅ ਦਰਸ਼ਕਾਂ ਲਈ ਮਨੋਰੰਜਨ ਦੇ ਨਾਲ ਨਾਲ ਇੱਕ ਬਹੁਤ ਵੱਡਾ ਸੁਨੇਹਾ ਦੇ ਗਈ

ਪੋਲੀਵੁਡ ਵਿੱਚ ਫ਼ਿਲਮਾਂ ਦੀ ਅਜਿਹੀ ਦੌੜ ਲੱਗੀ ਹੋਈ ਹੈ ਜਿਸ ਵਿੱਚ ਹਰ ਅਦਾਕਾਰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਰੁਝਿਆ ਹੋਇਆ ਹੈ ।  ਅੱਜਕਲ੍ਹ ਜ਼ਿਆਦਾਤਰ ਫ਼ਿਲਮਾਂ ਵਿੱਚ ਕਾਮੇਡੀ ਨੂੰ ਮੁੱਖ ਰੱਖ ਕੇ ਫ਼ਿਲਮਾਇਆ ਜਾਂਦਾ ਹੈ । ਪਰ ਅਜਿਹੀਆਂ ਵੀ ਕਈ ਫ਼ਿਲਮਾਂ ਹਨ ਜਿਹਨਾਂ ਵਿੱਚ ਕਾਮੇਡੀ ਦੇ ਨਾਲ ਨਾਲ ਸੁਨੇਹਾ ਵੀ ਦਿੱਤਾ ਜਾਂਦਾ ਹੈ । ਅਜਿਹੀ ਇੱਕ ਫ਼ਿਲਮ ‘ ਓ ਅ ‘ ਦਰਸ਼ਕਾਂ ਲਈ ਮਨੋਰੰਜਨ ਦੇ ਨਾਲ  ਨਾਲ ਇੱਕ ਬਹੁਤ ਵੱਡਾ ਸੁਨੇਹਾ ਲੈ ਕੇ ਪੇਸ਼ ਹੋਈ ਹੈ । 1 ਫਰਵਰੀ 2019 ਨੂੰ ਰਿਲੀਜ ਹੋਈ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵਜੋਂ ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਰੋਲ ਨਿਭਾਇਆ ਹੈ ।
ਫਰਾਇਡੇ ਰਸ਼ ਮੋਸ਼ਨ ਪਿਚਰ,  ਨਰੇਸ਼ ਕਥੂਰੀਆ ਫ਼ਿਲਮਜ਼ ਅਤੇ ਸ਼ਿਤਿਜ ਚੌਧਰੀ ਫ਼ਿਲਮਜ਼ ਵਲੋਂ ਪੇਸ਼ ਕੀਤੀ ਇਸ ਫ਼ਿਲਮ ਨੂੰ ਨਰੇਸ਼ ਕਥੂਰੀਆ ਵਲੋਂ ਇਸ ਕਹਾਣੀ ਨੂੰ ਲਿਖਿਆ ਗਿਆ ਹੈ । ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਵਲੋਂ ਕੀਤਾ ਗਿਆ ਹੈ ਅਤੇ ਇਸ ਦੇ ਨਿਰਮਾਤਾ ਰੁਪਾਲੀ ਗੁਪਤਾ,ਦੀਪਕ ਗੁਪਤਾ, ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਹਨ । ਫ਼ਿਲਮ ਵਿੱਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਤੋਂ ਇਲਾਵਾ ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ,ਕਰਮਜੀਤ ਅਨਮੋਲ,ਪੋਪੀ ਜੱਬਲ ਵੀ ਆਪਣੀ ਭੂਮਿਕਾ ਨਿਭਾ ਰਹੇ ਨੇ । ਫ਼ਿਲਮ ਵਿੱਚਲੇ ਬੱਚਿਆਂ ਦੀ ਭੂਮਿਕਾ ਅੰਸ਼ ਤੇਜਪਾਲ ਤੇ ਸਮੀਪ ਸਿੰਘ ਵਲੋਂ ਨਿਭਾਈ ਗਈ ਹੈ ।
ਇਹ ਫ਼ਿਲਮ ਇੱਕ ਅਜਿਹੇ ਮਾਂ ਬਾਪ ਦੀ ਕਹਾਣੀ ਹੈ ਜੋ ਆਪਣੇ ਬੱਚੇ ਅਮਨ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਵਾਉਣਾ ਚਾਹੁੰਦੇ ਨੇ । ਉਹ ਅਮਨ ਦੀ ਐੱਡਮੀਸ਼ਨ  ਇੰਗਲਿਸ਼ ਮੀਡੀਅਮ ਸਕੂਲ ਵਿੱਚ ਕਰਵਾਉਣਾ ਚਾਹੁੰਦੇ ਹਨ ਅਤੇ ਕਈ ਮੁਸ਼ਕਿਲਾਂ ਤੋਂ ਬਾਅਦ ਉਹ ਅਮਨ ਦੀ ਐੱਡਮੀਸ਼ਨ ਇੰਗਲਿਸ਼ ਮੀਡੀਅਮ ਸਕੂਲ ਵਿੱਚ ਕਰਵਾਉਣ ਵਿੱਚ ਸਫ਼ਲ ਰਹਿੰਦੇ ਹਨ । ਸਕੂਲ ਦੇ ਵੱਖਰੇ ਰੰਗ ਢੰਗ ਵਿੱਚ ਸਮਾਉਣ ਲਈ ਅਮਨ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਸਫ਼ਲ ਹੋਣ ਤੋਂ ਬਾਅਦ ਸਕੂਲ ਦੇ ਹਾਈ ਸਟੈਂਡਰਡ ਕਾਰਨ ਅਪਣੇ ਅਨਪੜ੍ਹ ਮਾਂ ਬਾਪ ਤੋਂ ਹਿਚਕਚੌਣ ਲੱਗ ਜਾਂਦਾ ਹੈ । ਅਪਣੇ ਵਿੱਤ ਤੋਂ ਉਪਰ ਅਮਨ ਦੀ ਹਰ ਲੋੜ ਪੂਰੀ ਕਰਨ ਲਈ ਉਸਦੇ ਮਾਂ ਬਾਪ ਆਪਣਾ ਸਾਰਾ ਜ਼ੋਰ ਲਗਾ ਦਿੰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਨਾਕਾਮਜਾਬ ਰਹਿੰਦੇ ਨੇ । ਇੰਗਲਿਸ਼ ਮੀਡੀਅਮ ਸਕੂਲ ਵਿੱਚ ਅਮਨ ਦੇ ਪੰਜਾਬੀ ਵਿੱਚ ਬੋਲਣ ਕਾਰਨ ਅਮੀਰ ਬੱਚਿਆਂ ਦੇ ਮਾਂ ਬਾਪ ਅਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਪੈ ਜਾਂਦੇ ਨੇ ਜਿਸ ਨੂੰ ਬਾਖੂਬੀ ਢੰਗ ਨਾਲ ਦਿਖਾਇਆ ਗਿਆ ਹੈ ।
ਪੰਜਾਬੀ ਮੀਡੀਅਮ ਤੋਂ ਇੱਕ ਦਮ ਇੰਗਲਿਸ਼ ਮੀਡੀਅਮ ਵਿੱਚ ਆਏ ਅਮਨ ਨੂੰ ਸਕੂਲ ਦੇ ਤੋਰ ਤਰੀਕੇ ਸਮਝਣ ਤੋਂ ਲੈ ਕੇ ਪੰਜਾਬੀ ਬੋਲੀ ਵਰਤਣ ਕਾਰਨ ਹੋਰਾਂ ਵਿੱਚ ਪੈਦਾ ਹੋਈ ਨਫ਼ਰਤ ਦੀ ਇਸ ਕਹਾਣੀ ਵਿੱਚ ਮਾਂ ਬੋਲੀ ਪੰਜਾਬੀ ਦੇ ਨਾਜ਼ੁਕ ਹਾਲਾਤ ਬਾਰੇ ਦਰਸਾਇਆ ਗਿਆ ਹੈ । ਮਾਂ ਬੋਲੀ ਪੰਜਾਬੀ ਨਾਲ ਦੁਰਵਿਹਾਰਤਾ ਕਰਨ ਵਾਲਿਆਂ ਲਈ ਇਸ ਫ਼ਿਲਮ ਵਿੱਚ ਬਹੁਤ ਵੱਡਾ ਸੁਨੇਹਾ ਦਿੱਤਾ ਗਿਆ ਹੈ । ਫ਼ਿਲਮ ਵਿਚਲੀ ਸੱਚਾਈ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੀ ਹੈ । ਫ਼ਿਲਮ ‘ ਓ ਅ ‘ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪੰਜਾਬੀ ਮਾਂ ਬੋਲੀ ਨੂੰ ਦਰਸਾਉਂਦੀ ਇਸ ਫ਼ਿਲਮ ਨੂੰ ਹਰ ਵਰਗ ਦੇ ਵਿਅਕਤੀ ਨੂੰ ਜਰੂਰ ਦੇਖਣਾ ਚਾਹੀਦਾ ਹੈ ਤਾਂ ਜੋ ਆਪਾਂ ਮਾਂ ਬੋਲੀ ਪ੍ਰਤੀ ਇੱਕ ਸੁਨੇਹਾ ਪ੍ਰਾਪਤ ਕਰ ਸਕੀਏ ਤੇ ਮਾਂ ਬੋਲੀ ਨੂੰ ਅਪਣਾ ਸਕੀਏ ।

Comments

comments