ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਫ਼ਿਲਮ ‘ ਮੁਕਲਾਵਾ ‘ ਰਾਹੀਂ ਕਰੇਗੀ ਦਰਸ਼ਕਾਂ ਨੂੰ ਖੁਸ਼ ।

ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਕਈ ਕਈ ਦਿਨਾਂ ਤੱਕ ਰੌਣਕ ਲੱਗੀ ਰਹਿੰਦੀ ਸੀ ਤੇ ਬਰਾਤ ਵੀ ਕੁੜੀ ਵਾਲਿਆਂ ਘਰ ਠਹਿਰਾ ਕਰਦੀ ਸੀ । ਇਸੇ ਦੋਰਾਨ ਕੁੜੀ ਤੇ ਮੁੰਡੇ ਵਾਲੇ ਨੱਚਦੇ ਗਾਉਂਦੇ ਪੂਰੇ ਜਸ਼ਨ ਮਨਾਉਂਦੇ ਸਨ । ਸਵੇਰੇ ਸਵੱਖਤੇ ਹੀ ਆਨੰਦ ਕਾਰਜ ਹੋ ਜਾਂਦੇ ਸਨ ਤੇ ਵਿਆਹ ਦੇ ਸ਼ਗਨ ਉਸਤੋਂ ਬਾਅਦ ਕੀਤੇ ਜਾਂਦੇ ਸਨ । ਵਿਆਹ ਤੋਂ ਬਾਅਦ ਬਰਾਤ ਵਾਪਸ ਚਲੀ ਜਾਂਦੀ ਸੀ ਪਰ ਬਿਨਾ ਵਹੁਟੀ ਨੂੰ ਲਏ ਕਿਉਂਕਿ ਓਹਨਾ ਵੇਲਿਆਂ ਵਿੱਚ ਇੱਕ ਰਿਵਾਜ਼ ਸੀ ਜਿਸ ਵਿੱਚ ਵਿਆਹ ਤੋਂ ਕੁਝ ਸਮੇਂ ਬਾਅਦ ਕੁੜੀ ਨੂੰ ਉਸਦੇ ਪੇਕੇ ਘਰੋਂ ਤੋਰਿਆ ਜਾਂਦਾ ਸੀ ਜਿਸਨੂੰ ‘ ਮੁਕਲਾਵਾ ‘ ਕਿਹਾ ਜਾਂਦਾ ਸੀ । ਇਸੇ ਰਿਵਾਜ਼ ਤੇ ਸਿਰਲੇਖ ਤੇ  ਅਧਾਰਿਤ ਪੰਜਾਬੀ ਫ਼ਿਲਮ ‘ ਮੁਕਲਾਵਾ ‘ 24 ਮਈ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ।
ਫ਼ਿਲਮ ‘ ਮੁਕਲਾਵਾ ‘ ਵਿੱਚ ਐਮੀ ਵਿਰਕ ਤੇ ਸੋਨਮ  ਬਾਜਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ । ਵਾਈਟ ਹਿੱਲ ਸਟੂਡੀਓਜ਼ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਵਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਹਨ । ਫ਼ਿਲਮ ਦੇ ਐਸੋਸ਼ੀਏਟ ਡਾਇਰੈਕਟਰ ਗ਼ਦਰ ਹਨ ਤੇ ਕ੍ਰਿਏਟਿਵ ਡਾਇਰੈਕਟਰ ਹਰੀਸ਼ ਗਰਗੀ ਨੇ ਫ਼ਿਲਮ ਦੀ ਰਚਨਾ ਨੂੰ ਖੂਬਸੂਰਤੀ ਨਾਲ ਡਾਇਰੈਕਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਦਾ ਸਬੂਤ ਫ਼ਿਲਮ ਦਾ ਖੂਬਸੂਰਤ ਟ੍ਰੇਲਰ ਦੇ ਰਿਹਾ ਹੈ ਤੇ ਟੀਮ ਵਲੋਂ ਕੀਤੀ ਮਿਹਨਤ ਫ਼ਿਲਮ ਦੇ ਟ੍ਰੇਲਰ ਵਿੱਚ ਨਜ਼ਰ ਆ ਰਹੀ ਹੈ । ਗੁਰਪ੍ਰੀਤ ਬਾਬਾ ਇਸ ਫ਼ਿਲਮ ਦੇ ਐਸੋਸ਼ੀਏਟ ਪ੍ਰੋਡੂਸਰ ਨੇ । ਫ਼ਿਲਮ ਦੀ ਸਟੋਰੀ ਉਪਿੰਦਰ ਵੜੈਚ ਅਤੇ ਜਗਜੀਤ ਸੈਣੀ ਵਲੋਂ ਲਿਖੀ ਗਈ ਹੈ । ਪ੍ਰੋਡਕਸ਼ਨ ਡਿਜਾਇਨਰ ਦੀ ਗੱਲ ਕਰੀਏ ਤਾਂ ਰਸੀਦ ਰੰਗਰੇਜ ਫ਼ਿਲਮ ਦੇ ਪ੍ਰੋਡਕਸ਼ਨ ਡਿਜਾਇਨਰ ਨੇ । ਫ਼ਿਲਮ ਦੇ ਪ੍ਰੋਜੈਕਟ ਨੂੰ ਟੀਮਵਰਕ ਫ਼ਿਲਮਜ਼ ਵਲੋਂ ਡਿਜਾਇਨ ਕੀਤਾ ਗਿਆ ਹੈ ।
ਫ਼ਿਲਮ ਵਿਚਲਾ ਸੰਗੀਤ ਵੀ ਕਾਫੀ ਖੂਬਸੂਰਤ ਹੈ ਜਿਸਨੂੰ ਹਰਮਨਜੀਤ, ਹੈਪ੍ਪੀ ਰਾਏਕੋਟੀ, ਵਿੰਦਰ ਨੱਥੂਮਾਜਰਾ, ਵੀਤ ਬਲਜੀਤ ਅਤੇ  ਉਦਾਰ ਵਲੋਂ ਆਪਣੀ ਕਲਮ  ਰਾਹੀਂ ਬੋਲ ਦਿੱਤੇ ਹਨ ਅਤੇ ਗੁਰਮੀਤ ਸਿੰਘ ਤੇ ਚੀਤਾਹ ਵਲੋਂ ਮਿਊਜ਼ਿਕ ਨੂੰ ਡਾਇਰੈਕਟ ਕੀਤਾ ਗਿਆ ਹੈ । ਅਨੂਪ ਦੇਵਜੀ ਇਸ ਫ਼ਿਲਮ ਦੇ ਸਾਉੰਡ ਡੀਸ਼ਾਈਨਰ ਨੇ ।
ਫ਼ਿਲਮ ਵਿੱਚ ਐਮੀ ਤੇ ਸੋਨਮ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਅਤੇ ਨਿਰਮਲ ਰਿਸ਼ੀ ਵੀ ਭੂਮਿਕਾ ਨਿਭਾ ਰਹੇ ਨੇ । ਫ਼ਿਲਮ ਦੀ ਸਟਾਰ ਕਾਸਟ ਆਪਣੇ ਆਪ ਵਿੱਚ ਕਾਫ਼ੀ ਮੁਹਾਰਤ ਰੱਖਦੀ ਹੈ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਵਿਚਲੀ ਐਕਟਿੰਗ ਖੁਸ਼ ਕਰਨ ਵਾਲੀ ਹੋਵੇਗੀ । ਫ਼ਿਲਮ ਦੀ ਕਹਾਣੀ ਫ਼ਿਲਮ ਦੇ ਸਿਰਲੇਖ ਤੇ ਬਣਾਈ ਗਈ ਹੈ ਜਿਸ ਵਿੱਚ ਆਪਣੀ ਹੀ ਘਰਵਾਲੀ ਨੂੰ ਮਿਲਣ ਤੇ ਮੁਕਲਾਵਾ ਲੈ ਕੇ ਆਉਣ ਦੀ ਜੱਦੋ ਜਹਿਦ ਨੂੰ ਫਿਲਮਾਇਆ ਗਿਆ ਹੈ । ਫ਼ਿਲਮ ਵਿਚਲੀ ਕਾਮੇਡੀ ਵੀ ਦਰਸ਼ਕਾਂ  ਨੂੰ ਖੁਸ਼ ਕਰਨ ਵਾਲੀ ਹੈ ।
24 ਮਈ 2019 ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਐਮੀ ਤੇ ਸੋਨਮ ਦੀ ਜੋੜੀ ਪੋਲੀਵੁਡ ਦੀਆਂ ਬੈਸਟ ਜੋੜੀਆਂ ਵਿੱਚੋ ਇੱਕ ਹੈ ਤੇ ਇਹ ਮੰਨਣ ਵਾਲੀ ਗੱਲ ਹੈ ਕਿ ਇਸ ਜੋੜੀ ਨੇ ਦਰਸ਼ਕਾਂ ਨੂੰ ਹਮੇਸ਼ਾ ਖੁਸ਼ ਕੀਤਾ ਹੈ । ਸੋ ਹੁਣ ਇੰਤਜ਼ਾਰ ਹੈ ਕਿ 24 ਮਈ ਨੂੰ ਫ਼ਿਲਮ ‘ ਮੁਕਲਾਵਾ ‘ ਜਰੀਏ ਇਸ ਜੋੜੀ ਨੂੰ ਦਰਸ਼ਕਾਂ ਵਲੋਂ ਕਿਹਨਾਂ ਕੁ ਪਿਆਰ ਮਿਲਦਾ ਹੈ ।

Comments

comments

Post Author: Jasdeep Singh Rattan