ਐਕਸ਼ਨ ਹੀਰੋ ਦੇਵ ਖਰੋਦ ਦੀ ਫ਼ਿਲਮ ‘ ਬਲੈਕੀਆ ‘ ਦਾ ਹੈ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ।

ਪੋਲੀਵੁਡ ਦੇ ਐਕਸ਼ਨ ਹੀਰੋ ਵਜੋਂ ਜਾਣੇ ਜਾਂਦੇ ਦੇਵ ਖਰੋਦ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਇੱਕ ਅਹਿਮ ਜਗ੍ਹਾ ਬਣਾਈ ਹੋਈ ਹੈ । ਆਪਣੇ ਫੈਨਜ਼ ਨੂੰ ਹਮੇਸ਼ਾ ਹੀ ਆਪਣੀ ਅਦਾਕਾਰੀ ਤੇ ਐਕਸ਼ਨ ਨਾਲ ਖੁਸ਼ ਕਰਦੇ ਆਏ ਦੇਵ ਖਰੋਦ ਦਰਸ਼ਕਾਂ ਲਈ ਇਕ ਤੋਂ ਬਾਅਦ ਇਕ ਫ਼ਿਲਮ ਲੈ ਕੇ ਹਾਜ਼ਰ ਹੋ ਰਹੇ ਨੇ । ਫ਼ਿਲਮ ‘ ਕਾਕਾ ਜੀ ‘ ਤੋਂ ਬਾਅਦ ਦੇਵ ਖਰੋਦ ਆਪਣੀ ਨਵੀਂ ਫ਼ਿਲਮ ‘ ਬਲੈਕੀਆ ‘ ਨਾਲ ਦਰਸ਼ਕਾਂ ਦੀ ਉਡੀਕ ਖਤਮ ਕਾਰਨ ਆ ਰਹੇ ਨੇ ।
ਓਹਰੀ ਪ੍ਰੋਡਕਸ਼ਨ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸੁਖਮਿੰਦਰ ਧੰਜਲ ਵਲੋਂ ਕੀਤਾ ਗਿਆ ਹੈ ਅਤੇ ਵਿਵੇਕ ਓਹਰੀ ਤੇ ਅਤੁਲ ਓਹਰੀ ਵਲੋਂ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ । ਫਿਲਮ ‘ ਬਲੈਕੀਆ ‘ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ। ਦੇਵ ਖਰੋਦ ਤੋਂ ਇਲਾਵਾ ਫ਼ਿਲਮ ਵਿੱਚ ਅਹਾਣਾ ਢਿੱਲੋਂ, ਅਰਸ਼ ਹੁੰਦਲ, ਆਸ਼ੀਸ਼ ਦੁੱਗਲ, ਰਾਣਾ ਜੰਗ ਬਹਾਦੁਰ ਅਤੇ ਕਈ ਹੋਰ ਸਤਾਰਿਆਂ ਵਲੋਂ ਵੀ ਭੂਮਿਕਾ ਨਿਭਾਈ ਗਈ ਹੈ ।
ਗੱਲ ਕਰੀਏ ਫ਼ਿਲਮ ਦੀ ਕਹਾਣੀ ਦੀ ਤਾਂ ਫ਼ਿਲਮ ਦੇ ਟ੍ਰੇਲਰ ਦੇਖਣ ਤੋਂ ਪਤਾ ਲਗ ਰਿਹਾ ਹੈ ਕਿ ਫ਼ਿਲਮ ਵਿੱਚ ਸੋਨੇ ਤੇ ਹੋਰ ਕਈ ਵਸਤੂਆਂ ਦੀ ਹੋ ਰਹੀ ਕਾਲੇ ਬਾਜ਼ਾਰੀ ਨੂੰ ਇਕ ਖ਼ਾਸ ਢੰਗ ਨਾਲ ਦਿਖਾਇਆ ਗਿਆ ਹੈ । ਫ਼ਿਲਮ ਵਿੱਚ 1970 ਸਮੇਂ ਦੇ ਹਾਲਾਤਾਂ ਨੂੰ ਦਰਸਾਇਆ ਗਿਆ ਪ੍ਰਤੀਤ ਹੋ ਰਿਹਾ ਹੈ । ਦੇਵ ਵਲੋਂ ਟ੍ਰੇਲਰ ਵਿੱਚ ਲੰਬੂ ਸਟਾਈਲ ਅਪਣਾਉਂਦੇ ਹੋਏ ਵੀ ਦਿਖਾਇਆ ਗਿਆ ਹੈ ਤੇ ਕਈ ਐਕਸ਼ਨ ਵੀ ਅਮਿਤਾਭ ਬਚਨ ਦੇ ਐਕਸ਼ਨ ਸਟਾਈਲ ਨਾਲ ਮੇਲ ਕਰਦੇ ਨਜ਼ਰ ਆ ਰਹੇ ਨੇ ।
ਫ਼ਿਲਮ ‘ ਬਲੈਕੀਆ ‘ ਦਾ ਟੀਜ਼ਰ ਤੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ । ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਬਲੈਕੀਆ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਹਿੰਮਤ ਸੰਧੂ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਪੇਸ਼ ਕੀਤਾ ਹੈ । ਇਸ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਦਿੱਤਾ ਗਿਆ ਹੈ । ਦੇਵ ਵਲੋਂ ਗਾਣੇ ਨੂੰ ਵੀ ਆਪਣੇ ਐਕਸ਼ਨ ਦਿੱਖ ਨਾਲ ਕਾਫ਼ੀ ਆਕਰਸ਼ਿਤ ਬਣਾ ਦਿੱਤਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਪਿਆਰ ਦਿੱਤਾ ਜਾ ਰਿਹਾ ਹੈ ।
ਦੇਵ ਖਰੋਦ ਪੰਜਾਬੀ ਇੰਡਸਟਰੀ ਵਿੱਚ ਐਕਸ਼ਨ ਫ਼ਿਲਮਾਂ ਕਰਨ ਕਰਕੇ ਇੱਕ ਅਲੱਗ ਪਹਿਚਾਣ ਤੇ ਅਲੱਗ ਵਜੂਦ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਸੇ ਵਜੂਦ ਨਾਲ 3 ਮਈ 2019 ਨੂੰ ਸਿਨੇਮਾਘਰਾਂ ਵਿੱਚ ਫ਼ਿਲਮ ‘ ਬਲੈਕੀਆ ‘ ਨਾਲ ਦਰਸ਼ਕਾਂ ਦੀ ਉਡੀਕ ਨੂੰ ਖ਼ਤਮ ਕਰੇਗਾ । ਆਸ ਕਰਦੇ ਹਾਂ ਕਿ ਇਸ ਫ਼ਿਲਮ ਰਾਹੀਂ ਵੀ ਇੱਕ ਵੱਖਰੀ ਪਹਿਚਾਣ ਤੇ ਵਧੀਆ ਫ਼ਿਲਮ ਪੋਲੀਵੁਡ ਦੀ ਝੋਲੀ ਪਵੇਗੀ ।

Comments

comments