‘ਅਲਕੋਹਲ’ ਸੇਹਤ ਲਈ ਹਾਨੀਕਾਰਕ ਹੈ-ਜਤਿੰਦਰ ਭੁੱਲਰ

ਪਟਿਆਲਾ ਸ਼ਾਹੀ ਪੱਗ, ਗੋਰਾ ਰੰਗ ਤੇ ਤਿੱਖੇ ਨੈਣ ਨਕਸ਼ਾਂ ਦਾ ਮਾਲਕ ਗਾਇਕ ਜਤਿੰਦਰ ਭੁੱਲਰ ਭਾਵੇਂ ਸਰੋਤਿਆਂ ਲਈ ਅਸਲੋਂ ਨਵਾਂ ਨਾਂ ਹੈ ਪਰ ਪਿਛਲੇ ਲਗਭਗ 10 ਸਾਲਾਂ ਤੋਂ ਉਹ ਇਸ ਖ਼ੇਤਰ ਵਿੱਚ ਆਪਣੀ ਹੋਂਦ ਬਣਾਉਣ ਲਈ ਰੱਜਵੀਂ ਮੇਹਨਤ ਕਰ ਰਿਹਾ ਹੈ। ਲੰਘੀ 9 ਦਸੰਬਰ ਨੂੰ ਉਸਦਾ ਪਲੇਠਾ ਗੀਤ ‘ਅਲਕੋਹਲ’ ਸੰਗੀਤ  ਕੰਪਨੀ ‘ਐੱਚ.ਬੀ. ਰਿਕਾਰਡਜ਼’ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਨੂੰ ਲਿਖਿਆ ਹੈ ਨੌਜਵਾਨ ਗੀਤਕਾਰ ਵਿੱਕੀ ਧਾਲੀਵਾਲ ਨੇ, ਇਸਨੂੰ ਸੰਗੀਤਬੱਧ ਕੀਤਾ ਹੈ ਚਰਚਿਤ ਸੰਗੀਤ ਨਿਰਦੇਸ਼ਕ ਕੇ.ਵੀ. ਸਿੰਘ ਨੇ ਅਤੇ ਇਸਦਾ ਵੀਡੀਓ ਫ਼ਿਲਮਾਂਕਣ ਐੱਚ.ਬੀ. ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ। ਹਰਿੰਦਰ ਭੁੱਲਰ ਦੀ ਪੇਸ਼ਕਸ਼ ਹੇਠ ਰਿਲੀਜ਼ ਹੋਏ ਇਸ ਗੀਤ ਦੀ ਅੱਜ ਚੁਫ਼ੇਰੇ ਚਰਚਾ ਹੈ, ਵਿਆਹਾਂ-ਸ਼ਾਦੀਆਂ ਵਿੱਚ ਡੀ.ਜੇ. ‘ਤੇ ਇਹ ਗੀਤ ਅੱਜ ਚੁਫ਼ੇਰੇ ਸੁਣਨ ਨੂੰ ਮਿਲ ਰਿਹਾ ਹੈ ਤੇ ਇਸ ਤੋਂ ਇਲਾਵਾ ਸਭ ਸੰਗੀਤਕ ਸਾਈਟਸ ਉੱਪਰ ਵੀ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੱਡੀ ਗਿਣਤੀ ਵਿੱਚ ਡਾਊਨਲੋਅਡ ਕੀਤਾ ਜਾ ਰਿਹਾ ਹੈ। ‘ਯੂ-ਟਿਊਬ’ ਉੱਪਰ ਵੀ ਇਸਦਾ ਵੀਡੀਓ ‘ਚਰਚਿਤ ਵੀਡੀਓਜ਼’ ਵਿੱਚ ਆਪਣੀ ਜਗ੍ਹਾ ਮੱਲੀ ਬੈਠਾ ਹੈ।

Alcohol Jatinder Bhullar
Alcohol Jatinder Bhullar

ਜੇਕਰ ਇਸ ਗਾਇਕ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਸਦਾ ਜਨਮ ਹਰਿਆਣੇ ਦੇ ਜ਼ਿਲ੍ਹਾ ਕੈਥਲ
ਅਧੀਨ ਆਉਂਦੇ ਪਿੰਡ ਪੋਲਰ ਦੇ ਸਰਦਾਰ ਜਸਵੰਤ ਸਿੰਘ ਭੁੱਲਰ ਅਤੇ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਦੇ ਘਰ 4
ਮਾਰਚ ਨੂੰ ਹੋਇਆ। ਬਾਲ ਵਰੇਸ ਤੋਂ ਹੀ ਇਸਨੂੰ ਸੰਗੀਤ ਨਾਲ ਬਹੁਤ ਲਗਾਓ ਸੀ। ਆਪਣੇ ਘਰ ਦੇ ਟਰੱਕ ਵਿੱਚ
ਕੁਲਦੀਪ ਮਾਣਕ, ਗੁਰਦਾਸ ਮਾਨ, ਸੁਰਜੀਤ ਬਿੰਦਰਖੀਆ, ਸੁਰਿੰਦਰ ਛਿੰਦਾ ਅਤੇ ਮਨਮੋਹਣ ਵਾਰਸ ਜਿਹੇ ਗਾਇਕਾਂ ਨੂੰ ਸੁਣ-ਸੁਣ ਉਹ ਬਚਪਨ ਤੋਂ ਜਵਾਨੀ ਦੀਆਂ ਦਹਿਲੀਜ਼ਾਂ ਚੜ੍ਹਿਆ, ਇਹੀ ਕਾਰਨ ਹੈ ਕਿ ਉਸਦੀ ਆਵਾਜ਼ ਵੀ ਉਹਨਾਂ ਵਾਂਗ ਬੁਲੰਦ ਅਤੇ ਮਿਠਾਸ ਭਰੀ ਹੈ। ਨਿੱਕੇ ਹੁੰਦਿਆਂ ਨੇੜਲੇ ਕਸਬੇ ਸੀਵਨ ਵਿਖੇ ਹੁੰਦੀ ਰਾਮਲੀਲਾ ਵਿੱਚ ਉਹ ਵਿੱਚ-ਵਿਚਾਲੇ ਮਿਲਦੇ ਸਮੇਂ ਵਿੱਚ ਗੀਤ ਗਾ ਕੇ ਸਭ ਦਾ ਮਨੋਰੰਜਨ ਕਰਦਾ ਤੇ ਉਸ ਨਾਲ ਢੋਲਕੀ ‘ਤੇ ਉਸਦੇ ਚਾਚੇ ਦਾ ਮੁੰਡਾ ਜਗਦੀਪ ਸੰਗਤ ਕਰਦਾ। ਬਚਪਨ ਦਾ ਇਹ ਸ਼ੌਂਕ ਹੀ ਉਸਨੂੰ ਸੀਵਨ ਕਸਬੇ ਵਿਖੇ ਸੰਗੀਤ ਗਿਆਤਾ ਬਾਬਾ ਸੁਖਜਿੰਦਰ ਸਿੰਘ (ਹਾਲ ਨਿਵਾਸੀ ਇੰਗਲੈਂਡ) ਦੇ ਕੋਲ ਲੈ ਗਿਆ, ਬਾਬਾ ਜੀ ਤੋਂ ਜਤਿੰਦਰ ਨੇ ਬਕਾਇਦਾ ਰੂਪ ਵਿੱਚ ਸੰਗੀਤਕ ਤਾਲੀਮ ਹਾਸਲ ਕੀਤੀ, ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਕੂਲ ਕੈਥਲ ਵਿਖੇ ਸੰਗੀਤ ਅਧਿਆਪਕ ਸ. ਗੁਰਤੇਜ ਸਿੰਘ ਸਿੱਧੂ ਤੋਂ ਵੀ ਉਸਨੇ ਸੰਗੀਤਕ ਬਾਰੀਕੀਆਂ ਨੂੰ ਜਾਣਿਆਂ। ਇਹਨਾਂ ਉਸਤਾਦਾਂ ਦੀ ਸਿੱਖਿਆ ਅਤੇ ਲਗਾਤਾਰ ਕੀਤੇ ਰਿਆਜ਼ ਨੇ ਹੀ ਉਸਦੀ ਆਵਾਜ਼ ਨੂੰ ਐਨਾ ਸੁਰੀਲਾਪਣ ਤੇ ਪ੍ਰਪੱਕਤਾ ਬਖ਼ਸ਼ੀ ਹੈ। ਸਕੂਲ ਤੋਂ ਬਾਅਦ ਡੀ.ਏ.ਵੀ. ਕਾਲਜ ਚੀਕਾ ਵਿਖੇ ਬੀ.ਏ. ਦੀ ਪੜ੍ਹਾਈ ਕਰਦਿਆਂ ਉਸਨੇ ਸੰਗੀਤ ਦੇ ਨਾਲ-ਨਾਲ 2 ਸਾਲ ਭੰਗੜੇ ਦੀ ਕਪਤਾਨੀ ਵੀ ਕੀਤੀ। ਗਾਇਕੀ ਅਤੇ ਭੰਗੜੇ ਤੋਂ ਇਲਾਵਾ ਉਸਨੂੰ ਮਾਂ- ਖੇਡ ਕਬੱਡੀ ਦਾ ਵੀ ਬੇਹੱਦ ਸ਼ੌਂਕ ਹੈ, ਇਸੇ ਸ਼ੌਂਕ ਸਦਕਾ ਹੀ ਉਸਨੇ ਮਾਧੋਪੁਰ ਅਕੈਡਮੀ (ਫ਼ਤਹਿਗੜ੍ਹ ਸਾਹਿਬ) ਵੱਲੋਂ ਬਤੌਰ ਪ੍ਰੌਫ਼ੈਸ਼ਨਲ ਕਬੱਡੀ ਖਿਡਾਰੀ ਬਹੁਤ ਟੂਰਨਾਮੈਂਟ ਖੇਡ ਕੇ ਜਿੱਤਾਂ ਹਾਸਲ ਕੀਤੀਆਂ।

ਨਿਰੰਤਰ ਰਿਆਜ਼ ਨੇ ਜਿੱਥੇ ਉਸਨੂੰ ਸੁਰੀਲਾਪਣ ਬਖ਼ਸ਼ਿਆ, ਉੱਥੇ ਭੰਗੜੇ ਨੇ ਉਸਨੂੰ ਵਧੀਆ ਪ੍ਰਫ਼ਾਮਰ ਤੇ ਕਬੱਡੀ ਨੇ ਉਸਨੂੰ ਤੰਦਰੁਸਤ ਤੇ ਨਿੱਗਰ ਸਰੀਰ ਦਾ ਮਾਲਕ ਬਣਾ ਦਿੱਤਾ, ਅੱਜ ਇਹੀ ਸਭ ਚੀਜ਼ਾਂ ਉਸ ਲਈ ਸਟੇਜੀ ਪੇਸ਼ਕਾਰੀ ਦੌਰਾਨ ‘ਸੋਨੇ ‘ਤੇ ਸੁਹਾਗੇ’ ਦਾ ਕੰਮ ਕਰਦੀਆਂ ਹਨ। ਆਪਣਾ ਪਹਿਲਾ ਹੀ ਗੀਤ ‘ਅਲਕੋਹਲ’ ਵਰਗੇ ਵਿਸ਼ੇ ‘ਤੇ ਗਾਉਣ ਸਬੰਧੀ ਉਸਦਾ ਕਹਿਣਾ ਹੈ ਕਿ ਉਹ ਆਪ ਇੱਕ ਖਿਡਾਰੀ ਹੋਣ ਕਰਕੇ ਕਦੇ ਵੀ ਨਸ਼ਿਆਂ ਦੇ ਹੱਕ ਵਿੱਚ ਨਹੀਂ ਹੈ ਤੇ ਉਸਨੂੰ ਇਹ ਵੀ ਪਤਾ ਹੈ ਕਿ ‘ਅਲਕੋਹਲ’ ਸੇਹਤ ਲਈ ਹਾਨੀਕਾਰਕ ਹੈ ਪਰ ਅਜੋਕੇ ਮਾਹੌਲ ਵਿੱਚ ਆਪਣੇ ਗੀਤ ਨੂੰ ਲੋਕਪ੍ਰਿਯ ਬਣਾਉਣ ਲਈ ਉਸਨੇ ਇਹ ਗੀਤ ਗਾਇਆ ਹੈ ਪਰ ਉਸਦਾ ਇਹ ਵਾਅਦਾ ਹੈ ਕਿ ਉਸਦਾ ਅਗਲਾ ਗੀਤ ਕਿਸੇ ਹੋਰ ਵਿਸ਼ੇ ਨਾਲ ਸਬੰਧਤ ਹੈ ਤੇ ਉਹ ਭਵਿੱਖ ਵਿੱਚ ਵੀ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਸਦੇ ਗੀਤਾਂ ਦੇ ਵਿਸ਼ੇ ਉਸਾਰੂ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਹੋਣ। ਆਪਣੇ ਇਸ ਪਹਿਲੇ ਗੀਤ ਲਈ ਉਹ ਧੰਨਵਾਦੀ ਹੈ ਆਪਣੇ ਮਿੱਤਰਾਂ ਵਿੱਕੀ ਧਾਲੀਵਾਲ, ਪ੍ਰੀਤ ਥਿੰਦ, ਜੈਲੀ, ਜਸ਼ਨ ਵੜੈਚ, ਗੁਰ ਵਿਰਕ ਅਤੇ ਪਰਮਿੰਦਰ ਸਿੰਘ ਦਾ ਜਿੰਨ੍ਹਾ ਨੇ ਉਸਦਾ ਹਰ ਸਮੇਂ ਸਾਥ ਦਿੱਤਾ ਤੇ ਉਸਦਾ ਇੱਕ ਗਾਇਕ ਬਣਨ ਦਾ ਸੁਪਨਾ ਪੂਰਾ ਕਰਨ ਦਾ ਸਬੱਬ ਬਣੇਂ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਇਸ
ਨੌਜਵਾਨ ਗਵੱਈਏ ਤੋਂ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਆਸਾਂ ਹਨ, ਉਮੀਦ ਹੈ ਕਿ ਇਸ ਗੀਤ ਦੀ ਸਫ਼ਲਤਾ ਤੋਂ ਬਾਅਦ ਉਹ ਆਪਣੇ ਹੋਰ ਗੀਤਾਂ ਨਾਲ ਇਸ ਖ਼ੇਤਰ ਵਿੱਚ ਆਪਣੇ ਆਪ ਨੂੰ ਪੱਕੇ ਪੈਰੀਂ ਸਥਾਪਤ ਕਰ ਲਵੇਗਾ।

Comments

comments

Post Author: Jasdeep Singh Rattan