ਅਣੋਖੇ ਤੇ ਖੂਬਸੂਰਤ ਸੰਕਲਪ ਦੀ ਫ਼ਿਲਮ ‘ ਮੁੰਡਾ ਹੀ ਚਾਹੀਦਾ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪੰਜਾਬੀ ਫ਼ਿਲਮ ਇੰਡਸਟਰੀ ਦੇ ਫ਼ਿਲਮੀ ਭੰਡਾਰ ਵਿੱਚ ਹਰ ਫ਼ਿਲਮ ਦਾ ਆਪਣਾ ਇੱਕ ਅਰਥ , ਸੰਦੇਸ਼ ਤੇ ਸੰਕਲਪ ਹੁੰਦਾ ਹੈ ਇਸੇ ਤਰਾਂ ਪੰਜਾਬੀ ਇੰਡਸਟਰੀ ਹਰ ਪ੍ਰਕਾਰ ਦੀ ਕਹਾਣੀ ਨੂੰ ਫ਼ਿਲਮਾਂ ਰਾਹੀਂ ਆਪਣੇ ਦਰਸ਼ਕਾਂ ਤੱਕ ਪੁਹੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਸਾਲ 2019 ਵਿੱਚ ਅਨਾਉਂਸ ਹੋਈ ਫ਼ਿਲਮ ‘ ਮੁੰਡਾ ਹੀ ਚਾਹੀਦਾ ‘ ਵੀ ਆਪਣੇ ਖਾਸ ਤੇ ਵੱਖਰੇ ਸੁਨੇਹੇ ਨਾਲ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋ ਰਹੀ ਹੈ । ਫ਼ਿਲਮ  ‘ ਮੁੰਡਾ ਹੀ ਚਾਹੀਦਾ ‘ ਦੀ ਰਿਲੀਜ਼ਿੰਗ ਡੇਟ ਵੀ ਆ ਚੁੱਕੀ ਹੈ ਜੋ ਕਿ ਇਸੇ ਸਾਲ 12 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ ਅਤੇ ਨਾਲ ਹੀ ਦੱਸ ਦਈਏ ਕਿ ਰਿਲੀਜ਼ਿੰਗ ਡੇਟ ਦੇ ਨਾਲ ਨਾਲ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ।

‘ ਨੀਰੂ ਬਾਜਵਾ ਇੰਟਰਟੇਨਮੈਂਟ ‘ ਅਤੇ ‘ ਸ਼੍ਰੀ ਨਿਰੋਤਮ ਜੀ ਫ਼ਿਲਮ ‘ ਵਲੋਂ ਪੇਸ਼ ਕੀਤੀ ਜਾਨ ਵਾਲੀ  ਇਸ ਫ਼ਿਲਮ ਨੂੰ  ਸੰਤੋਸ਼ ਸੁਭਾਸ਼ ਥਿਤੇ ਤੇ ਦੀਪਕ ਥਾਪਰ ਵਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਨੀਰੂ ਬਾਜਵਾ, ਅੰਕਿਤ , ਨਵਦੀਪ ਨਰੂਲਾ, ਗੁਰਜੀਤ ਸਿੰਘ, ਸੰਤੋਸ਼ ਸੁਭਾਸ਼ ਥਿਤੇ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ਦੀ ਕਹਾਣੀ ਵੀ ਸੰਤੋਸ਼ ਸੁਭਾਸ਼ ਵਲੋਂ ਹੀ ਲਿਖੀ ਗਈ ਹੈ । ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ । ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ ਲਾਈਏ ਜੇ ਯਾਰੀਆਂ ‘ ਵਿੱਚ ਵੀ ਹਰੀਸ਼ ਵਰਮਾਤੇ  ਰੁਬੀਨਾ ਬਾਜਵਾ ਦੀ ਜੋੜੀ ਦੇਖਣ ਨੂੰ ਮਿਲੀ ਸੀ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ ।

ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਟ੍ਰੇਲਰ ਦੇਖਣ ਤੋਂ ਪਹਿਲਾਂ ਹੀ ਫ਼ਿਲਮ ਦੇ ਸਿਰਲੇਖ ਨਾਲ ਹੀ ਫ਼ਿਲਮ ਵਿਚਲੇ ਸੰਕਲਪ ਬਾਰੇ ਪਤਾ ਲੱਗ ਜਾਂਦਾ ਹੈ । ਬਹੁਤ ਹੀ ਖੂਬਸੂਰਤ ਸਿਰਲੇਖ ਤੇ ਸੰਕਲਪ ਦੀ ਫ਼ਿਲਮ ‘ ਮੁੰਡਾ ਹੀ ਚਾਹੀਦਾ ‘ ਅੱਜਕਲ੍ਹ ਦੇ ਜਮਾਨੇ ਵਿੱਚ ਵੀ ਆਪਣੀ ਸੋਚ ਨੂੰ ਨੀਵਾਂ ਰੱਖਣ ਭਾਵ ਮੁੰਡੇ ਕੁੜੀ ਵਿੱਚ ਫ਼ਰਕ ਕਰਨ ਵਾਲਿਆਂ ਉਤੇ ਬਣਾਈ ਗਈ ਹੈ । ਟ੍ਰੇਲਰ ਦੇ ਸ਼ੁਰੂਵਾਤ ਵਿੱਚ ਇੱਕ ਨਿੱਕਾ ਜਿਹਾ ਬੱਚਾ ਆਪਣੇ ਘਰਦਿਆਂ ਦੀ ਜਾਨ ਪਹਿਚਾਣ ਕਰਵਾਉਂਦਾ ਹੈ ਤੇ ਟ੍ਰੇਲਰ ਨੂੰ ਖੂਬਸੂਰਤ ਬਣਾਉਂਦਾ ਹੈ । ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਹਰੀਸ਼ ਵਰਮਾ ਆਪਣੇ ਘਰ ਵਿੱਚ ਇਕੱਲਾ ਮੁੰਡਾ ਹੈ ਤੇ ਬਾਕੀ ਸਾਰੇ ਪਰਿਵਾਰ ਵਿੱਚ ਕੁੜੀਆਂ ਹੀ ਹਨ  ਜਿਹਨਾਂ ਵਿੱਚ  ਹਰੀਸ਼ ਵਰਮਾ ਦੀਆਂ ਭੂਆ , ਭੈਣਾਂ , ਕੁੜੀਆਂ , ਦਾਦੀ ਤੇ ਘਰਵਾਲੀ ਹੈ ਜਿਸ ਕਾਰਨ ਪਰਿਵਾਰ ਵਿੱਚ ਮੁੰਡੇ ਦੀ ਘਾਟ ਨੂੰ ਉਭਾਰਿਆ ਜਾਂਦਾ ਹੈ । ਰੁਬੀਨਾ ਬਾਜਵਾ ਦੇ ਪ੍ਰੇਗਨੈਂਟ ਹੋਣ ਤੋਂ ਬਾਅਦ ਸਾਰਿਆਂ ਨੂੰ ਉਸ ਤੋਂ ਮੁੰਡੀ ਦੀ ਉਮੀਦ ਹੋ ਜਾਂਦੀ ਹੈ ਜਿਸ ਕਾਰਨ  ਇਸ ਸਭ ਤੋਂ ਦੁਖੀ ਹਰੀਸ਼ ਵਰਮਾ ਟੈਸਟ ਟਿਓਬ ਬੇਬੀ ਤਕਨੀਕ ਰਾਹੀਂ ਆਪ ਖੁਦ ਵੀ ਪ੍ਰੇਗਨੈਂਟ ਹੋ ਜਾਂਦਾ ਹੈ ।

‘ ਮੁੰਡਾ ਚਾਹੀਦਾ ਤਾਂ ਆਪ ਜੰਮੋ ‘ ਦੇ ਟਾਈਟਲ ਦੇ ਅਧਾਰ ਤੇ ਬਣੀ ਜਾਪਦੀ ਇਸ ਫ਼ਿਲਮ ਵਿੱਚ  ਟੈਸਟ ਟਿਓਬ ਬੇਬੀ ਤਕਨੀਕ ਅਪਨਾਉਣ ਕਾਰਨ ਹਰੀਸ਼ ਵਰਮਾ ਨੂੰ ਲੋਕਾਂ ਦਾ ਕਿਸ ਤਰਾਂ ਸਾਹਮਣਾ ਕਰਨਾ ਪੈਂਦਾ ਤੇ ਹੋਰ ਕਿਸ ਕਿਸ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ । ਟ੍ਰੇਲਰ ਦੀ ਸ਼ੁਰੂਵਾਤ ਵਾਲੇ ਬੱਚੇ ਤੋਂ ਤਾਂ ਇਹ ਹੀ ਪਤਾ ਲਗਦਾ ਹੈ ਕਿ ਮੁੰਡਾ ਤਾਂ ਜਰੂਰ ਹੋਵੇਗਾ ਪਰ ਮਾਂ ਦੇ ਕੁੱਖੋਂ ਹੋਵੇਗਾ ਜਾਂ ਪਿਓ ਦੇ ਇਹ ਤਾਂ ਹੁਣ 12 ਜੁਲਾਈ  ਨੂੰ ਡਿਲੀਵਰੀ ਹੋਣ ਤੇ ਹੀ ਪਤਾ ਲੱਗੇਗਾ ।

Comments

comments